WHO ਦੀ ਚਿਤਾਵਨੀ- ਕੋਰੋਨਾ ਵਧਿਆ ਤਾਂ ਹਰ 16 ਸਕਿੰਟਾਂ 'ਚ ਇਕ ਮਰਿਆ ਬੱਚਾ ਹੋਵੇਗਾ ਪੈਦਾ'

10/08/2020 5:29:45 PM

ਲੰਡਨ- ਵਿਸ਼ਵ ਸਿਹਤ ਸੰਗਠਨ, ਸੰਯੁਕਤ ਰਾਸ਼ਟਰ ਬਾਲ ਫੰਡ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਹਰ ਸਾਲ ਵਿਸ਼ਵ ਵਿਚ ਤਕਰੀਬਨ 20 ਲੱਖ ਮਰੇ ਹੋਏ ਬੱਚੇ ਜਨਮ ਲੈਂਦੇ ਹਨ ਅਤੇ ਕੋਰੋਨਾ ਵਾਇਰਸ ਕਾਰਨ ਇਹ ਮਾਮਲੇ ਹੋਰ ਵੀ ਵੱਧ ਸਕਦੇ ਹਨ। ਵੀਰਵਾਰ ਨੂੰ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਇਸ ਦਾ ਖੁਲਾਸਾ ਕੀਤਾ ਗਿਆ ਹੈ। ਗਰਭ ਧਾਰਨ ਦੇ 28 ਹਫਤਿਆਂ ਜਾਂ ਉਸ ਦੇ ਬਾਅਦ ਮਰੇ ਹੋਏ ਬੱਚੇ ਪੈਦਾ ਹੋਣ ਜਾਂ ਡਲਿਵਰੀ ਦੌਰਾਨ ਬੱਚੇ ਦੀ ਮੌਤ ਹੋ ਜਾਣ ਨੂੰ ਸਟਿਲਬਰਥ ਕਿਹਾ ਜਾਂਦਾ ਹੈ। 

ਸੰਯੁਕਤ ਰਾਸ਼ਟਰ ਬਾਲ ਫੰਡ ਦੀ ਕਾਰਜਕਾਰੀ ਨਿਰਦੇਸ਼ਕ ਹੈਨਰਿਟਾ ਫੋਰ ਨੇ ਕਿਹਾ ਕਿ ਹਰ 16 ਸਕਿੰਟਾਂ ਵਿਚ ਕਿਤੇ ਨਾ ਕਿਤੇ ਕੋਈ ਮਾਂ ਸਟਿਲਬਰਥ ਦਾ ਦਰਦ ਝੱਲੇਗੀ। 

ਉਨ੍ਹਾਂ ਕਿਹਾ ਕਿ ਵਧੀਆ ਨਿਗਰਾਨੀ, ਡਲਿਵਰੀ ਸਮੇਂ ਚੰਗੀ ਦੇਖਭਾਲ ਨਾਲ ਇਸ ਨੂੰ ਰੋਕਿਆ ਜਾ ਸਕਦਾ ਹੈ। ਰਿਪੋਰਟ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਕੋਰੋਨਾ ਵਾਇਰਸ ਕਾਰਨ ਇਹ ਵਿਸ਼ਵ ਅੰਕੜੇ ਵਧ ਸਕਦੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਕਾਰਨ ਸਿਹਤ ਸੇਵਾਵਾਂ 50 ਫੀਸਦੀ ਘੱਟ ਗਈਆਂ ਹਨ ਤੇ ਇਸ ਦੇ ਨਤੀਜੇ ਵਜੋਂ ਅਗਲੇ ਸਾਲ 117 ਵਿਕਾਸਸ਼ੀਲ ਦੇਸ਼ਾਂ ਵਿਚ 2 ਲੱਖ ਹੋਰ ਸਟਿਲਬਰਥ ਹੋ ਸਕਦੇ ਹਨ।
ਉਪ ਸਹਾਰਾ ਅਫਰੀਕਾ ਤੇ ਮੱਧ ਏਸ਼ੀਆ ਵਿਚ ਸਟਿਲਬਰਥ ਦੇ ਤਕਰੀਬਨ ਅੱਧੇ ਮਾਮਲੇ ਡਲਿਵਰੀ ਦੌਰਾਨ ਦੇ ਹਨ, ਉੱਥੇ ਹੀ ਯੂਰਪ, ਉੱਤਰੀ ਅਮਰੀਕਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚ ਇਸ ਦੇ 6 ਫੀਸਦੀ ਮਾਮਲੇ ਹਨ। ਸੰਗਠਨ ਮੁਤਾਬਕ ਵਿਕਸਿਤ ਦੇਸ਼ਾਂ ਵਿਚ ਜਾਤੀ ਘੱਟ ਗਿਣਤੀਆਂ ਵਿਚ ਅਜਿਹੇ ਮਾਮਲੇ ਜ਼ਿਆਦਾ ਹੁੰਦੇ ਹਨ। ਉਦਾਹਰਣ ਵਜੋਂ ਕੈਨੇਡਾ ਵਿਚ ਇਨਯੂਇਡ ਭਾਈਚਾਰੇ ਦੀਆਂ ਬੀਬੀਆਂ ਵਿਚ ਪੂਰੇ ਦੇਸ਼ ਦੇ ਮੁਕਾਬਲੇ ਅਜਿਹੇ ਮਾਮਲੇ 3 ਗੁਣਾ ਜ਼ਿਆਦਾ ਹੁੰਦੇ ਹਨ। 

Lalita Mam

This news is Content Editor Lalita Mam