ਆਪਣਾ ਘਰੇਲੂ ਕੰਮ ਖੁਦ ਕਰਨ ਵਾਲੇ ਜਿਊਂਦੇ ਹਨ ਲੰਬੀ ਜ਼ਿੰਦਗੀ

09/01/2019 5:54:20 PM

ਵਾਸ਼ਿੰਗਟਨ— ਅਸੀਂ ਸਾਰੇ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਕਿ ਕਸਰਤ ਕਰਨ ਤੇ ਦਿਨ ’ਚ ਕੁਝ ਘੰਟੇ ਟਹਿਲਣ ਨਾਲ ਵਿਅਕਤੀ ਫਿੱਟ ਰਹਿੰਦਾ ਹੈ ਤੇ ਉਸ ਦੀ ਉਮਰ ਵੀ ਵਧਦੀ ਹੈ। ਪੁਰਾਣੀਆਂ ਕਈ ਰਿਸਰਚਾਂ ’ਚ ਕਸਰਤ ਤੇ ਲੰਬੀ ਉਮਰ ਦੇ ਸਬੰਧ ਨੂੰ ਸਾਬਿਤ ਕੀਤਾ ਜਾ ਚੁੱਕਿਆ ਹੈ। ਤਾਜ਼ਾ ਅਧਿਐਨ ਤੋਂ ਬਾਅਦ ਵਿਗਿਆਨੀਆਂ ਨੇ ਕਿਹਾ ਹੈ ਕਿ ਰੋਜ਼ਾਨਾ ਦੇ ਘਰੇਲੂ ਕੰਮ ਖੁਦ ਕਰਨ ਨਾਲ ਵੀ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ ਘੱਟ ਹੋ ਜਾਂਦਾ ਹੈ।

ਖੋਜਕਾਰਾਂ ਦਾ ਕਹਿਣਾ ਹੈ ਕਿ ਛੋਟੀ ਜਿਹੀ ਗਤੀਵਿਧੀ ਨਾਲ ਵੀ ਸਮੇਂ ਤੋਂ ਪਹਿਲਾਂ ਮੌਤ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਸਾਰਾ ਦਿਨ ਕੁਰਸੀ ਜਾਂ ਬਿਸਤਰੇ ’ਤੇ ਹੀ ਪਏ ਰਹਿਣ ਤੋਂ ਉਲਟ ਕਿਚਨ ਦੀ ਸਾਫ-ਸਫਾਈ, ਖਾਣਾ ਬਣਾਉਣ, ਬਾਗਬਾਨੀ ਕਰਨ ਤੇ ਥੋੜੀ ਬਹੁਤ ਚਹਿਲਕਦਮੀ ਕਰਨ ਵਾਲੇ ਲੋਕ ਜ਼ਿਆਦਾ ਦਿਨਾਂ ਤੱਕ ਜ਼ਿੰਦਾ ਰਹਿ ਸਕਦੇ ਹਨ। ਇਸ ਸਿੱਟੇ ’ਤੇ ਪਹੁੰਚਣ ਲਈ ਉਨ੍ਹਾਂ ਨੇ ਪਹਿਲਾਂ ਹੋਏ ਅਧਿਐਨਾਂ ਦੀ ਸਮੀਖਿਆ ਕੀਤੀ।

36 ਹਜ਼ਾਰ ਤੋਂ ਜ਼ਿਆਦਾ ਲੋਕਾਂ ’ਤੇ ਕੀਤਾ ਰਿਸਰਚ
ਇਸ ਮੁੱਦੇ ’ਤੇ ਕਈ ਰਿਸਰਚ ਛੋਟੇ ਪੈਮਾਨੇ ’ਤੇ ਹੋਏ ਸਨ ਤੇ ਕੁਝ ਲਿੰਗ ਤੇ ਉਮਰ ’ਤੇ ਆਧਾਰਿਤ ਸਨ। ਬਿ੍ਰਟਿਸ਼ ਮੈਡੀਕਲ ਜਨਰਲ ’ਚ ਛਪੇ ਤਾਜ਼ਾ ਰਿਸਰਚ ’ਚ ਖੋਜਕਾਰਾਂ ਨੇ ਆਪਣੇ ਮਾਪਦੰਡ ਤੇ ਕਾਰਜਪ੍ਰਣਾਲੀ ’ਤੇ ਖਰੇ ਉਤਰਣ ਵਾਲੀਆਂ 8 ਰਿਸਰਚਾਂ ਦੀ ਚੋਣ ਕੀਤੀ। ਇਸ ਨਾਲ ਉਨ੍ਹਾਂ ਕੋਲ ਅਮਰੀਕਾ, ਬਿ੍ਰਟੇਨ ਤੇ ਯੂਰਪ ਦੇ 36, 383 ਲੋਕਾਂ ਦਾ ਅੰਕੜਾ ਇਕੱਠਾ ਹੋ ਗਿਆ, ਜਿਨ੍ਹਾਂ ’ਚੋਂ ਕਈ ਬਜ਼ੁਰਗ ਸਨ।

ਇਨ੍ਹਾਂ ਸਾਰੇ ਲੋਕਾਂ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਦੇ ਆਧਾਰ ’ਤੇ ਚਾਰ ਸਮੂਹਾਂ ’ਚ ਵੰਡਿਆ ਗਿਆ ਤੇ ਉਨ੍ਹਾਂ ਦੀ ਮੌਤ ਦੇ ਅੰਕੜੇ ਵੀ ਇਕੱਠੇ ਕੀਤੇ ਗਏ। ਇਕ ਸਮੂਹ ’ਚ ਅਜਿਹੇ ਲੋਕ ਸਨ, ਜੋ ਜ਼ਿਆਦਾਤਰ ਸਮਾਂ ਬੈਠੇ ਹੀ ਰਹਿੰਦੇ ਸਨ ਤੇ ਦੂਜੇ ਸਮੂਹ ’ਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਜੋ ਰੋਜ਼ਾਨਾ ਦੇ ਕੰਮ ਹੀ ਕਰਦੇ ਸਨ। ਤੀਜੇ ਸਮੂਹ ’ਚ ਹਲਕੀ-ਫੁਲਕੀ ਕਸਰਤ ਕਰਨ ਵਾਲੇ ਲੋਕ ਤੇ ਚੌਥੇ ਸਮੂਹ ’ਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜੋ ਸਖਤ ਕਸਰਤ ਕਰਦੇ ਸਨ।

ਉਮਰ ਵਧਾਉਣ ਲਈ ਦਿਨ ਦੀ ਹਰੇਕ ਗਤੀਵਿਧੀ ਹੈ ਖਾਸ
ਵਿਗਿਆਨੀਆਂ ਨੂੰ ਪਤਾ ਲੱਗਿਆ ਕਿ ਕਸਰਤ ਕਰਨ ਵਾਲੇ ਦੋਵਾਂ ਸਮੂਹਾਂ ਦੇ ਲੋਕਾਂ ਦੀ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ 60 ਫੀਸਦੀ ਘੱਟ ਗਿਆ ਸੀ। ਉਥੇ ਹੀ ਦਿਨ ਭਰ ਬੈਠੇ ਰਹਿਣ ਵਾਲੇ ਲੋਕਾਂ ਤੋਂ ਉਲਟ ਰੁਜ਼ਾਨਾ ਆਪਣਾ ਕੰਮ ਖੁਦ ਕਰਨ ਤੇ ਥੋੜੀ ਚਹਿਲਕਦਮੀ ਵਾਲੇ ਲੋਕਾਂ ਨੇ ਵੀ ਲੰਬੀ ਜ਼ਿੰਦਗੀ ਬਿਤਾਈ। ਮੁੱਖ ਰਿਸਰਚਰ ਉਲਫ ਇਕੇਲੁੰਡ ਨੇ ਕਿਹਾ ਕਿ ਇਸ ਰਿਸਰਚ ਨਾਲ ਸਪੱਸ਼ਟ ਹੈ ਕਿ ਸਰਗਰਮੀ ਤੇ ਲੰਬੀ ਜ਼ਿੰਦਗੀ ਆਪਸ ’ਚ ਸਬੰਧਤ ਹਨ। ਅਕਾਲ ਮੌਤ ਦਾ ਖਤਰਾ ਘੱਟ ਕਰਨ ’ਚ ਸਾਰਾ ਦਿਨ ਦੀਆਂ ਗਤੀਵਿਧੀਆਂ ਦੀ ਭੂਮਿਕਾ ਹੈ। ਇਸੇ ਦੇ ਚੱਲਦੇ ਵਿਅਕਤੀ ਨੂੰ ਬੈਠਣ ਦੀ ਥਾਂ ਥੋੜੀ ਚਹਿਲਕਦਮੀ ਕਰਨੀ ਜ਼ਰੂਰੀ ਹੈ।

Baljit Singh

This news is Content Editor Baljit Singh