239 ਵਿਗਿਆਨੀਆਂ ਨੇ WHO ਨੂੰ ਲਿਖੀ ਚਿੱਠੀ, ਕੋਰੋਨਾ ਬਾਰੇ ਦਿੱਤੀ ਇਹ ਚੇਤਾਵਨੀ

07/05/2020 6:19:21 PM

ਵਾਸ਼ਿੰਗਟਨ(ਬਿਊਰੋ): ਕੋਰੋਨਾਵਾਇਰਸ ਸਬੰਧੀ ਦੁਨੀਆ ਭਰ ਦੇ 239 ਵਿਗਿਆਨੀਆਂ ਨੇ ਵਿਸ਼ਵ ਸਿਹਤ ਸੰਗਠਨ (WHO) ਨੂੰ ਚਿੱਠੀ ਲਿਖ ਕੇ ਚੇਤਾਵਨੀ ਦਿੱਤੀ ਹੈ। 32 ਦੇਸ਼ਾਂ ਦੇ ਇਹਨਾਂ ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਹਵਾ ਵਿਚ ਵੀ ਮੌਜੂਦ ਰਹਿੰਦਾ ਹੈ। ਵਿਗਿਆਨੀ ਇਸ ਚਿੱਠੀ ਨਾਲ ਸਬੰਧਤ ਗੱਲਾਂ ਨੂੰ ਆਉਣ ਵਾਲੇ ਸਮੇਂ ਵਿਚ ਜਰਨਲ ਵਿਚ ਪ੍ਰਕਾਸ਼ਿਤ ਕਰਨਾ ਚਾਹੁੰਦੇ ਸਨ ਪਰ ਇਸ ਤੋਂ ਪਹਿਲਾਂ ਹੀ ਇਹ ਜਾਣਕਾਰੀ ਮੀਡੀਆ ਵਿਚ ਲੀਕ ਹੋ ਗਈ। ਵਿਗਿਆਨੀਆਂ ਨੇ ਵਿਸ਼ਵ ਸਿਹਤ ਸੰਗਠਨ ਨੂੰ ਗਾਈਡਲਾਈਨਸ ਬਦਲਣ ਦੀ ਮੰਗ ਕੀਤੀ ਹੈ। 

ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਵਿਸ਼ਵ ਸਿਹਤ ਸੰਗਠਨ ਨੂੰ ਲਿਖੀ ਚਿੱਠੀ ਵਿਚ ਵਿਗਿਆਨੀਆਂ ਨੇ ਕਿਹਾ ਹੈ ਕਿ ਹਵਾ ਵਿਚ ਮੌਜੂਦ ਮਾਮੂਲੀ ਕਣ ਨਾਲ ਵੀ ਲੋਕ ਪੀੜਤ ਹੋ ਰਹੇ ਹਨ। ਚਿੱਠੀ ਵਿਚ ਲਿਖਿਆ ਗਿਆ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਕੋਰੋਨਾਵਾਇਰਸ ਹਵਾ ਵਿਚ ਲੰਬੇ ਸਮੇਂ ਤੱਕ ਰਹਿ ਸਕਦਾ ਹੈ ਅਤੇ ਕਈ ਮੀਟਰ ਦਾ ਸਫਰ ਤੈਅ ਕਰਕੇ ਨੇੜਲੇ ਲੋਕਾਂ ਨੂੰ ਬੀਮਾਰ ਕਰ ਸਕਦਾ ਹੈ। ਜੇਕਰ ਵਿਗਿਆਨੀਆਂ ਦੀ ਦੀ ਇਹ ਗੱਲ ਠੀਕ ਹੈ ਤਾਂ ਬੰਦ ਕਮਰੇ ਵਿਚ ਜਾਂ ਹੋਰ ਥਾਵਾਂ ਤੇ ਵੀ ਇਨਫੈਕਸ਼ਨ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੋਵੇਗਾ। ਅਜਿਹੇ ਵਿਚ ਸਕੂਲਾਂ, ਦੁਕਾਨਾਂ ਅਤੇ ਅਜਿਹੀਆਂ ਹੋਰ ਥਾਵਾਂ 'ਤੇ ਕੰਮ ਕਰਨ ਲਈ ਲੋਕਾਂ ਨੂੰ ਵਾਧੂ ਸਾਵਧਾਨੀ ਦੀ ਵਰਤੋਂ ਕਰਨੀ ਹੋਵੇਗੀ। ਬੱਸ ਵਿਚ ਯਾਤਰਾ ਕਰਨਾ ਵੀ ਖਤਰਨਾਕ ਹੋ ਸਕਦਾ ਹੈ ਕਿਉਂਕਿ ਕਰੀਬ 2 ਮੀਟਰ ਦੂਰ ਬੈਠਣ 'ਤੇ ਵੀ ਲੋਕ ਕੋਰੋਨਾਵਾਇਰਸਨ ਨਾਲ ਪੀੜਤ ਹੋ ਸਕਦੇ ਹਨ।

ਚਿੱਠੀ ਲਿਖਣ ਵਾਲੇ ਵਿਗਿਆਨੀਆਂ ਦੀ ਟੀਮ ਵਿਚ ਸ਼ਾਮਲ ਆਸਟ੍ਰੇਲੀਆ ਦੀ ਕੁਈਨਜ਼ਲੈਂਡ ਯੂਨੀਵਰਸਿਟੀ ਆਫ ਤਕਨਾਲੋਜੀ ਦੀ ਪ੍ਰੋਫੈਸਰ ਲਿਡੀਯਾ ਮੋਰਾਵਸਕਾ ਨੇ ਕਿਹਾ,''ਅਸੀਂ ਇਸ ਗੱਲ ਸਬੰਧੀ 100 ਫੀਸਦੀ ਭਰੋਸੇਮੰਦ ਹਾਂ।'' ਵਿਗਿਆਨੀਆਂ ਦੇ ਨਵੇ ਦਾਅਵੇ ਦੇ ਮੱਦੇਨਜ਼ਰ ਵਿਸ਼ਵ ਸਿਹਤ ਸੰਗਠਨ ਨੂੰ ਆਪਣੀ ਗਾਈਡਲਾਈਨਸ ਬਦਲਣੀ ਪੈ ਸਕਦੀ ਹੈ। ਜਿਹੜੀਆਂ ਥਾਵਾਂ 'ਤੇ ਬਿਹਤਰ ਵੈਂਟੀਲੇਸ਼ਨ ਸਹੂਲਤਾਂ ਨਹੀਂ ਹਨ ਉੱਥੇ ਲੋਕਾਂ ਨੂੰ ਦੂਰ ਬੈਠਣ ਦੇ ਬਾਵਜੂਦ ਲਾਜ਼ਮੀ ਰੂਪ ਨਾਲ ਮਾਸਕ ਪਾਉਣਾ ਪੈ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਹੁਣ ਤੱਕ ਕਹਿੰਦਾ ਰਿਹਾ ਹੈ ਕਿ ਮੁੱਖ ਤੌਰ 'ਤੇ ਕੋਰੋਨਾਵਾਇਰਸ ਪੀੜਤ ਵਿਅਕਤੀ ਦੇ ਖੰਘਣ ਜਾਂ ਛਿੱਕਣ ਦੇ ਦੌਰਾਨ Large Respiratory Droplets ਮਤਲਬ ਵੱਡੀਆਂ ਸਾਹ ਦੀਆਂ ਬੂੰਦਾਂ ਜ਼ਰੀਏ ਹੀ ਫੈਲਦਾ ਹੈ।

Vandana

This news is Content Editor Vandana