ਸੱਤ ਮਹੀਨਿਆਂ ਬਾਅਦ ਪੱਛਮੀ ਆਸਟ੍ਰੇਲੀਆ 'ਚ ਸ਼ੁਰੂ ਹੋਈਆਂ ਘਰੇਲੂ ਉਡਾਣਾਂ

11/15/2020 6:01:27 PM

ਸਿਡਨੀ (ਬਿਊਰੋ): ਪੱਛਮੀ ਆਸਟ੍ਰੇਲੀਆ ਦੇ ਹਵਾਈ ਅੱਡੇ, ਸੱਤ ਮਹੀਨੇ ਕੋਰੋਨਾ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਬੰਦ ਰਹਿਣ ਪਿੱਛੋਂ ਆਖਿਰਕਾਰ ਬੀਤੇ ਦਿਨੀਂ ਅੰਤਰ-ਰਾਜੀ ਉਡਾਣਾਂ ਲਈ ਖੋਲ੍ਹ ਦਿੱਤੇ ਗਏ। ਇਸ ਤੋਂ ਇਲਾਵਾ ਬਾਹਰਲੇ ਦੇਸ਼ਾਂ ਤੋਂ ਵੀ 2000 ਯਾਤਰੀ ਆਪਣੇ ਦੇਸ਼ ਵਿਚ ਪਰਤ ਰਹੇ ਹਨ ਅਤੇ ਇਹ ਸਭ ਵੀ ਪਰਥ ਏਅਰਪੋਰਟ 'ਤੇ ਹੀ ਲੈਂਡਿੰਗ ਕਰਨਗੇ। 

ਪਰਥ ਏਅਰਪੋਰਟ 'ਤੇ ਸੈਂਕੜੇ ਪਰਿਵਾਰ ਮੁੜ ਇਕੱਠੇ ਹੋਏ। ਵਾਪਸ ਪਹੁੰਚੇ ਯਾਤਰੀਆਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਗਲੇ ਲਗਾਇਆ, ਚੁੰਮਿਆ ਅਤੇ ਖੁਸ਼ੀ ਦੇ ਹੰਝੂਆਂ ਨਾਲ ਇਕ-ਦੂਜੇ ਦਾ ਸਵਾਗਤ ਕੀਤਾ। ਪ੍ਰੀਮੀਅਰ ਮਾਰਕ ਮੈਕਗੋਵਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਦੇ ਅੰਕੜਿਆਂ ਸਣੇ ਸਾਰੇ ਰਾਜਾਂ ਨਾਲ ਲਗਾਤਾਰ ਤਾਲਮੇਲ ਰੱਖਣ ਅਤੇ ਸਥਿਤੀਆਂ ਨੂੰ ਵਾਚਣ ਤੋਂ ਬਾਅਦ ਹੁਣ ਫ਼ੈਸਲਾ ਲਿਆ ਗਿਆ ਕਿ ਸੜਕੀ ਆਵਾਜਾਈ ਦੇ ਨਾਲ-ਨਾਲ ਹੁਣ ਹਵਾਈ ਯਾਤਰਾਵਾਂ ਵੀ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਪਿਛਲੇ ਸੱਤਾਂ ਮਹੀਨਿਆਂ ਤੋਂ ਵਿਛੜੇ ਲੋਕ ਆਪਣੇ ਪਿਆਰਿਆਂ ਨੂੰ ਮੁੜ ਤੋਂ ਮਿਲ ਸਕਣ ਅਤੇ ਜਾਂ ਫੇਰ ਆਪਣੇ ਕੰਮਾਂ-ਕਾਰਾਂ ਤੋਂ ਟੁੱਟੇ ਲੋਕ ਮੁੜ ਤੋਂ ਆਪਣੇ ਕੰਮ-ਧੰਦਿਆਂ ਨੂੰ ਸੰਭਾਲ ਸਕਣ। 

ਉਨ੍ਹਾਂ ਇਹ ਵੀ ਕਿਹਾ ਕਿ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਤੋਂ ਆਉਣ ਵਾਲੇ ਯਾਤਰੀਆਂ ਲਈ 14 ਦਿਨਾਂ ਦਾ ‘ਸੈਲਫ-ਕੁਆਰੰਟੀਨ’ ਲਾਜ਼ਮੀ ਕੀਤਾ ਗਿਆ ਹੈ ਅਤੇ ਆਪਣੀ ਯਾਤਰਾ ਸ਼ੁਰੂ ਕਰਨ ਵੇਲੇ ਉਨ੍ਹਾਂ ਨੂੰ ਕੋਵਿਡ-19 ਟੈਸਟ ਵੀ ਕਰਵਾਉਣਾ ਹੋਵੇਗਾ ਅਤੇ ਫਿਰ ਸੈਲਫ ਕੁਆਰੰਟੀਨ ਦੇ ਗਿਆਰ੍ਹਵੇਂ ਦਿਨ ਵੀ ਅਜਿਹਾ ਹੀ ਟੈਸਟ ਕੀਤਾ ਜਾਵੇਗਾ।

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਹਿੰਦੂ ਭਾਈਚਾਰੇ ਨੇ ਮਨਾਈ ਦੀਵਾਲੀ, ਇਮਰਾਨ ਖਾਨ ਨੇ ਦਿੱਤੀਆਂ ਸ਼ੁੱਭਕਾਮਨਾਵਾਂ

ਇਨ੍ਹਾਂ ਦੋ ਰਾਜਾਂ ਤੋਂ ਇਲਾਵਾ ਹੋਰ ਰਾਜਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ‘ਘੱਟ ਜੋਖਮ ਵਾਲੇ’ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਇਕਾਂਤਵਾਸ ਤੋਂ ਛੋਟ ਵੀ ਦੇ ਦਿੱਤੀ ਗਈ ਹੈ ਪਰ ਸਿਹਤ ਸੰਭਾਲ ਦੇ ਤਹਿਤ ਉਹ ਲੋਕ ਵੀ ਹੈਲਥ ਸਕਰੀਨਿੰਗ, ਟੈਂਪਰੇਚਰ ਚੈਕ ਆਦਿ ਲਈ ਬਾਧਿਤ ਹਨ।

Vandana

This news is Content Editor Vandana