40 ਦੀ ਉਮਰ ਤੋਂ ਪਹਿਲਾਂ ਮੋਟਾਪੇ ਦੇ ਸ਼ਿਕਾਰ ਲੋਕਾਂ ''ਚ ਕੈਂਸਰ ਦਾ ਖਤਰਾ ਵਧੇਰੇ

10/12/2019 2:07:56 PM

ਓਸਲੋ— ਇਕ ਨਵੇਂ ਅਧਿਐਨ ਤੋਂ ਪਤਾ ਲੱਗਿਆ ਹੈ ਕਿ 40 ਸਾਲ ਦੀ ਉਮਰ ਤੋਂ ਪਹਿਲਾਂ ਭਾਰ ਵਧਣ ਜਾਂ ਮੋਟੇ ਹੋਣ ਨਾਲ ਵੱਖ-ਵੱਖ ਤਰ੍ਹਾਂ ਦੇ ਕੈਂਸਰ ਹੋਣ ਦਾ ਖਤਰਾ ਵਧ ਜਾਂਦਾ ਹੈ। ਇੰਟਰਨੈਸ਼ਨਲ ਜਨਰਲ ਆਫ ਐਪਿਡੇਮਿਓਲਾਜੀ 'ਚ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਕ 40 ਸਾਲ ਦੀ ਉਮਰ ਤੋਂ ਪਹਿਲਾਂ ਐਂਡੋਮੈਟ੍ਰੀਅਮ ਕੈਂਸਰ ਹੋਣ ਦਾ ਖਤਰਾ 70 ਫੀਸਦੀ, ਗੁਰਦੇ ਦੀਆਂ ਕੋਸ਼ਿਕਾਵਾਂ 'ਚ ਕੈਂਸਰ ਹੋਣ ਦਾ ਖਤਰਾ 58 ਫੀਸਦੀ, ਕੋਲੋਨ ਕੈਂਸਰ ਦਾ ਖਤਰਾ 29 ਫੀਸਦੀ ਤੱਕ ਵਧ ਜਾਂਦਾ ਹੈ।

ਅਧਿਐਨ ਤੋਂ ਪਤਾ ਲੱਗਿਆ ਕਿ ਭਾਰ ਵਧਣ ਕਾਰਨ ਮਹਿਲਾ ਤੇ ਪੁਰਸ਼ ਦੋਵਾਂ 'ਚ ਮੋਟਾਪੇ ਸਬੰਧੀ ਕੈਂਸਰ ਹੋਣ ਦਾ ਖਦਸ਼ਾ 15 ਫੀਸਦੀ ਵਧ ਜਾਂਦਾ ਹੈ। ਖੋਜਕਾਰਾਂ ਨੇ ਤਿੰਨ ਸਾਲ 'ਚ ਵੱਖ-ਵੱਖ ਸਮੇਂ ਬਾਲਗਾਂ ਦਾ ਦੋ ਜਾਂ ਜ਼ਿਆਦਾ ਵਾਰ ਭਾਰ ਮਾਪਿਆ। ਇਸ 'ਚ ਉਨ੍ਹਾਂ ਨੂੰ ਕੈਂਸਰ ਹੋਣ ਦਾ ਖਦਸ਼ੇ ਤੋਂ ਪਹਿਲਾਂ ਦਾ ਵੀ ਮਾਪ ਸ਼ਾਮਲ ਸੀ। ਉਨ੍ਹਾਂ ਨੇ ਕੈਂਸਰ ਦੇ ਜੋਖਿਮ ਨਾਲ ਸਬੰਧਿਤ ਕਾਰਕਾਂ ਦੀ ਜਾਂਚ ਕਰਨ ਲਈ 2006 'ਚ ਸ਼ੁਰੂ ਕੀਤੇ ਗਏ 'ਮੀ-ਕੈਨ' ਅਧਿਐਨ ਦੇ 220,000 ਵਿਅਕਤੀਆਂ ਦੇ ਅੰਕੜੇ ਦੀ ਵੀ ਵਰਤੋਂ ਕੀਤੀ। ਇਸ 'ਚ ਨਾਰਵੇ, ਸਵੀਡਨ ਤੇ ਆਸਟ੍ਰੀਆ ਦੇ ਲਗਭਗ 5,80,000 ਲੋਕ ਸ਼ਾਮਲ ਸਨ।

ਅਧਿਐਨ 'ਚ ਕਿਹਾ ਗਿਆ ਹੈ ਕਿ 27,881 ਲੋਕ ਜਿਨ੍ਹਾਂ ਨੂੰ ਜਾਂਚ ਦੌਰਾਨ ਕੈਂਸਰ ਹੋਣ ਦਾ ਪਤਾ ਲੱਗਿਆ, ਉਨ੍ਹਾਂ 'ਚੋਂ 9761 ਲੋਕ ਮੋਟਾਪੇ ਦੇ ਸ਼ਿਕਾਰ ਸਨ। ਖੋਜਕਾਰਾਂ ਮੁਤਾਬਕ ਆਮ ਬੀ.ਐੱਮ.ਆਈ. ਵਾਲੇ ਲੋਕਾਂ ਦੀ ਤੁਲਨਾ 'ਚ 30 ਤੋਂ ਵਧੇਰੇ ਬੀ.ਐੱਮ.ਆਈ. ਵਾਲੇ ਲੋਕਾਂ 'ਚ ਮੋਟਾਪੇ ਨਾਲ ਸਬੰਧਿਤ ਕੈਂਸਰ ਵਿਕਸਿਤ ਹੋਣ ਦਾ ਖਤਰਾ ਸਭ ਤੋਂ ਜ਼ਿਆਦਾ ਸੀ। ਅਧਿਐਨ ਦੇ ਸਹਿ-ਲੇਖਕ ਟੋਨੇ ਬਜਾਰਗ ਨੇ ਕਿਹਾ ਕਿ ਪੁਰਸ਼ਾਂ 'ਚ ਇਹ ਖਤਰਾ 64 ਫੀਸਦੀ ਤੇ ਔਰਤਾਂ 'ਚ ਇਹ ਖਤਰਾ 48 ਫੀਸਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਮੁੱਖ ਸੰਦੇਸ਼ ਇਹ ਹੈ ਕਿ ਭਾਰ ਵਧਣ ਤੋਂ ਰੋਕਣਾ ਕੈਂਸਰ ਦੇ ਜੋਖਿਮ ਨੂੰ ਘੱਟ ਕਰਨ ਲਈ ਇਕ ਮਹੱਤਵਪੂਰਨ ਸਿਹਤ ਰਣਨੀਤੀ ਹੋ ਸਕਦੀ ਹੈ।

Baljit Singh

This news is Content Editor Baljit Singh