ਆਸਟ੍ਰੇਲੀਆਈ ਨਾਗਰਿਕਾਂ ਨੇ ਜਮਾਂ ਕਰਵਾਏ 51 ਹਜ਼ਾਰ ਗੈਰ-ਕਾਨੂੰਨੀ ਹਥਿਆਰ

10/06/2017 3:53:40 PM

ਸਿਡਨੀ (ਬਿਊਰੋ)— ਆਸਟ੍ਰੇਲੀਆਈ ਸਰਕਾਰ ਵੱਲੋਂ ਗੈਰ-ਕਾਨੂੰਨੀ ਹਥਿਆਰ ਜਮਾਂ ਕਰਾਉਣ ਲਈ ਚਲਾਈ ਗਈ ਯੋਜਨਾ ਤਹਿਤ ਬੀਤੇ 3 ਮਹੀਨਿਆਂ ਵਿਚ ਤਕਰੀਬਨ 51 ਹਜ਼ਾਰ ਹਥਿਆਰ ਜਮਾਂ ਕਰਵਾਏ ਜਾ ਚੁੱਕੇ ਹਨ। ਇਨ੍ਹਾਂ ਸਾਰੇ ਹਥਿਆਰਾਂ ਨੂੰ ਨਸ਼ਟ ਕੀਤਾ ਜਾਵੇਗਾ। ਸਰਕਾਰ ਦੀ ਇਹ ਯੋਜਨਾ ਸ਼ੁੱਕਰਵਾਰ ਨੂੰ ਖਤਮ ਹੋ ਗਈ। ਇਸ ਸਮੇਂ ਦੌਰਾਨ ਹਥਿਆਰ ਜਮਾਂ ਕਰਾਉਣ ਵਾਲਿਆਂ 'ਤੇ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਦੱਸਿਆ ਕਿ ਇਹ ਗਿਣਤੀ ਦੇਸ਼ ਵਿਚ ਮੌਜੂਦ ਗੈਰ-ਕਾਨੂੰਨੀ ਹਥਿਆਰਾਂ ਦਾ ਪੰਜਵਾਂ ਹਿੱਸਾ ਹੈ। ਆਸਟ੍ਰੇਲੀਆ ਵਿਚ ਸਖਤ ਬੰਦੂਕ ਨੀਤੀ ਕਾਰਨ ਸੈਮੀ ਆਟੋਮੈਟਿਕ ਰਾਇਫਲ ਅਤੇ ਸੈਮੀ ਆਟੋਮੈਟਿਕ ਸ਼ੌਟਗਨ 'ਤੇ ਪਾਬੰਦੀ ਹੈ। ਟਰਨਬੁੱਲ ਮੁਤਾਬਕ ਸਖਤ ਨਿਯਮਾਂ ਕਾਰਨ ਦੇਸ਼ ਵਿਚ ਲਾਸ ਵੇਗਾਸ ਜਿਹੀਆਂ ਘਟਨਾਵਾਂ ਦੀ ਸੰਭਾਵਨਾ ਬਹੁਤ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿਚ ਘਟਨਾ ਨੂੰ ਅੰਜਾਮ ਦੇਣ ਵਾਲੇ ਸਟੀਫਨ ਪੈਡਕ ਕੋਲ ਸੈਮੀ ਆਟੋਮੈਟਿਕ ਹਥਿਆਰਾਂ ਦਾ ਪੂਰਾ ਜ਼ਖੀਰਾ ਸੀ ਪਰ ਆਸਟ੍ਰੇਲੀਆ ਵਿਚ ਇਹ ਸੰਭਵ ਨਹੀਂ ਹੈ।
ਸਾਲ 1996 ਵਿਚ ਤਸਮਾਨੀਆ ਰਾਜ ਦੇ ਪੋਟਰ ਆਰਥਰ ਟਾਪੂ 'ਤੇ ਇਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 35 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਇਸ ਮਗਰੋਂ ਹੀ ਲਾਈਸੈਂਸ ਪ੍ਰਕਿਰਿਆ ਬਹੁਤ ਸਖਤ ਕਰ ਦਿੱਤੀ ਗਈ ਸੀ। ਬੀਤੇ ਦੋ ਦਹਾਕਿਆਂ ਵਿਚ ਇਹ ਪਹਿਲਾ ਮੌਕਾ ਹੈ, ਜਦੋਂ ਸਰਕਾਰ ਨੇ ਗੈਕ-ਕਾਨੂੰਨੀ ਹਥਿਆਰ ਜਮਾਂ ਕਰਾਉਣ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ।