ਟੋਰਾਂਟੋ: ਵਿਆਹ ਦੀ ਉਡੀਕ 'ਚ ਬੈਠੇ ਲਾੜੇ-ਲਾੜੀਆਂ ਲਈ ਖ਼ੁਸ਼ਖਬਰੀ

06/20/2020 8:23:53 AM

ਟੋਰਾਂਟੋ— ਕੋਵਿਡ-19 ਮਹਾਮਾਰੀ ਵਿਚਕਾਰ ਵਿਆਹ ਕਰਾਉਣ ਦੇ ਚਾਹਵਾਨ ਜੋੜੇ ਇਹ ਜਾਣ ਕੇ ਖ਼ੁਸ਼ ਹੋ ਸਕਦੇ ਹਨ ਕਿ ਹੁਣ ਇਕ ਰੁਕਾਵਟ ਨੂੰ ਦੂਰ ਕਰ ਦਿੱਤਾ ਗਿਆ ਹੈ। ਸੋਮਵਾਰ ਤੋਂ ਸਿਟੀ ਟੋਰਾਂਟੋ 'ਚ ਬੁਕਿੰਗ ਦੇ ਆਧਾਰ 'ਤੇ ਵਿਆਹਾਂ ਲਈ ਲਾਇਸੈਂਸ ਜਾਰੀ ਹੋਣੇ ਦੁਬਾਰਾ ਸ਼ੁਰੂ ਹੋਣ ਜਾ ਰਹੇ ਹਨ।

ਸ਼ਹਿਰ ਮਾਰਚ ਤੋਂ ਹੁਣ ਤੱਕ ਸਿਰਫ ਜ਼ਰੂਰੀ ਜਾਂ ਹਮਦਰਦੀ ਦੇ ਆਧਾਰ 'ਤੇ ਹੋਣ ਵਾਲੇ ਵਿਆਹਾਂ ਲਈ ਹੀ ਲਾਇਸੈਂਸ ਜਾਰੀ ਕਰ ਰਿਹਾ ਸੀ। ਇਸ ਕਾਰਨ ਟੋਰਾਂਟੋ ਦੇ ਬਹੁਤ ਸਾਰੇ ਨਵੇਂ ਜੋੜਿਆਂ ਨੂੰ ਇਸ ਸਾਲ ਲਈ ਆਪਣੇ ਵਿਆਹ ਦੀਆਂ ਯੋਜਨਾਵਾਂ ਨੂੰ ਰੱਦ ਕਰਨਾ ਜਾਂ ਮੁਲਤਵੀ ਕਰਨਾ ਪਿਆ ਅਤੇ ਵਿਆਹ ਉਦਯੋਗ ਨੂੰ ਵੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਇਹ ਰੁਕਾਵਟ ਦੂਰ ਕਰ ਦਿੱਤੀ ਗਈ ਹੈ।

ਹੁਣ ਨਾਰਥ ਯਾਰਕ ਸਿਵਿਕ ਸੈਂਟਰ ਵਿਖੇ ਮੁਲਾਕਾਤ ਤੋਂ ਤਿੰਨ ਦਿਨ ਪਹਿਲਾਂ ਜੋੜਿਆਂ ਨੂੰ ਇਕ ਆਨਲਾਈਨ ਅਰਜ਼ੀ ਨੂੰ ਪੂਰਾ ਕਰਨ ਦੀ ਜ਼ਰੂਰਤ ਹੋਵੇਗੀ। ਇਸ ਸੈਂਟਰ 'ਚ ਸਿਰਫ ਇਕ ਵਿਅਕਤੀ ਨੂੰ ਹੀ ਮਨਜ਼ੂਰੀ ਲੈਣ ਲਈ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਉਸ ਲਈ ਕੱਪੜੇ ਦਾ ਮਾਸਕ ਜਾਂ ਚਿਹਰਾ ਢੱਕਣਾ ਵੀ ਲਾਜ਼ਮੀ ਹੈ। ਇਸ ਤੋਂ ਇਲਾਵਾ ਹੋਰ ਸਾਰੇ ਸਿਵਿਕ ਸੈਂਟਰ ਤੇ ਸਿਟੀ ਹਾਲ ਸਰਵਿਸ ਕਾਊਂਟਰ ਬੰਦ ਹਨ। ਜ਼ਿਕਰਯੋਗ ਹੈ ਕਿ, ਇਸ ਹਫਤੇ ਦੇ ਸ਼ੁਰੂ 'ਚ ਸੂਬਾਈ ਸਰਕਾਰ ਵੱਲੋਂ 50 ਗਿਣਤੀ ਤੱਕ ਲੋਕਾਂ ਨੂੰ ਆਊਟਡੋਰ ਵਿਆਹਾਂ 'ਚ ਇਕੱਠੇ ਹੋਣ ਦੀ ਮਨਜ਼ੂਰੀ ਦਿੱਤੀ ਗਈ ਹੈ ਪਰ ਰਿਸੈਪਸ਼ਨ 'ਚ ਸਿਰਫ 10 ਲੋਕ ਹੀ ਸ਼ਾਮਲ ਹੋ ਸਕਦੇ ਹਨ।
ਸ਼ਹਿਰ ਦੇ ਅਧਿਕਾਰੀਆਂ ਅਨੁਸਾਰ ਪਿਛਲੇ ਸਾਲ ਮਾਰਚ ਅਤੇ ਜੂਨ ਵਿਚਕਾਰ ਟੋਰਾਂਟੋ 'ਚ ਲਗਭਗ 7,000 ਵਿਆਹ ਦੇ ਲਾਇਸੈਂਸ ਜਾਰੀ ਕੀਤੇ ਗਏ ਸਨ। ਇਸ ਸਾਲ ਮਹਾਮਾਰੀ ਵਿਚਕਾਰ ਇਹ ਗਿਣਤੀ ਘੱਟ ਕੇ 421 ਰਹਿ ਗਈ।


Lalita Mam

Content Editor

Related News