ਕੋਵਿਡ-19 ਮਹਾਮਾਰੀ ਵਿਚਾਲੇ ਸਿੰਗਾਪੁਰ ''ਚ ਨਵੀਂ ਸਰਕਾਰ ਚੁਣਨ ਲਈ ਹੋਈ ਵੋਟਿੰਗ

07/11/2020 1:26:00 AM

ਸਿੰਗਾਪੁਰ - ਸਿੰਗਾਪੁਰ ਦੇ ਲੋਕਾਂ ਨੇ ਸ਼ੁੱਕਰਵਾਰ ਨੂੰ ਚਿਹਰੇ 'ਤੇ ਮਾਸਕ ਅਤੇ ਦਸਤਾਨੇ ਪਾ ਕੇ ਆਮ ਚੋਣਾਂ ਵਿਚ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਚੋਣਾਂ ਦੇ ਆਗਾਮੀ ਨਤੀਜੇ ਵਿਚ ਸੱਤਾਧਾਰੀ ਦਲ ਦੀ ਵਾਪਸੀ ਦੀ ਉਮੀਦ ਜਤਾਈ ਜਾ ਰਹੀ ਹੈ ਪਰ ਪ੍ਰਧਾਨ ਮੰਤਰੀ ਲੀ ਸੀਏਨ ਲੂੰਗ ਲਈ ਅਰਥ ਵਿਵਸਥਾ ਨੂੰ ਕੋਵਿਡ-19 ਦੇ ਸੰਕਟ ਤੋਂ ਉਭਰਣਾ ਚੁਣੌਤੀਪੂਰਣ ਹੋਵੇਗਾ। ਵੋਟਿੰਗ ਦੀ ਪ੍ਰਕਿਰਿਆ ਸਵੇਰੇ 8 ਵਜੇ ਸ਼ੁਰੂ ਹੋਈ ਜਿਸ ਵਿਚ 65 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਦੇ ਸੀਨੀਅਰ ਨਾਗਰਿਕਾਂ ਲਈ ਵਿਸ਼ੇਸ਼ ਸਮਾਂ ਰੱਖਿਆ ਗਿਆ ਸੀ।

ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋ ਗਈ ਪਰ ਸ਼ਾਮ ਨੂੰ ਵੋਟਿੰਗ ਕੇਂਦਰਾਂ 'ਤੇ ਲੰਬੀ ਲਾਈਨ ਨੂੰ ਦੇਖਦੇ ਹੋਏ ਚੋਣ ਵਿਭਾਗ (ਈ. ਐਲ. ਡੀ.) ਨੇ ਸਾਰੇ 1,100 ਕੇਂਦਰਾਂ 'ਤੇ ਵੋਟਿੰਗ ਦੇ ਸਮੇਂ ਨੂੰ 2 ਘੰਟੇ ਲਈ ਵਧਾ ਕੇ ਰਾਤ 10 ਵਜੇ ਤੱਕ ਕਰ ਦਿੱਤਾ ਤਾਂ ਜੋ ਕੇਂਦਰ 'ਤੇ ਆਏ ਸਾਰੇ ਵੋਟਰ ਆਪਣੇ ਅਧਿਕਾਰ ਦਾ ਇਸਤੇਮਾਲ ਕਰ ਸਕਣ। ਈ. ਐਲ. ਡੀ. ਮੁਤਾਬਕ ਰਾਤ 8 ਵਜੇ ਤੱਕ ਰਜਿਸਟਰਡ ਵੋਟਰਾਂ ਵਿਚੋਂ 96 ਫੀਸਦੀ ਮਤਲਬ 25,65,000 ਲੋਕਾਂ ਨੇ ਸਿੰਗਾਪੁਰ ਵਿਚ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਲਾਜ਼ਮੀ ਦਸਤਾਨੇ ਪਾ ਕੇ ਆਉਣ ਦੀ ਵਾਲੇ ਨਿਯਮ ਕਾਰਨ ਵੋਟਿੰਗ ਦੀ ਪ੍ਰਕਿਰਿਆ ਵਿਚ ਆਮ ਤੋਂ ਜ਼ਿਆਦਾ ਸਮਾਂ ਲੱਗਣ 'ਤੇ ਈ. ਐਲ. ਡੀ. ਨੇ ਵੋਟਰਾਂ ਤੋਂ ਮੁਆਫੀ ਮੰਗੀ। ਬਾਅਦ ਵਿਚ ਲੰਬੀ ਲਾਈਨ ਹੋਣ 'ਤੇ ਈ. ਐਲ. ਡੀ. ਨੇ ਇਹ ਨਿਯਮ ਖਤਮ ਕਰ ਦਿੱਤਾ। ਸਟ੍ਰੇਟਸ ਟਾਈਮਸ ਦੀ ਖਬਰ ਮੁਤਾਬਕ ਕੋਵਿਡ-19 ਮਹਾਮਾਰੀ ਵਿਚਾਲੇ ਸੁਰੱਖਿਆ ਦੇ ਮੱਦੇਨਜ਼ਰ ਭੀੜ ਘੱਟ ਕਰਨ ਲਈ ਵੋਟਿੰਗ ਕੇਂਦਰਾਂ ਦੀ ਗਿਣਤੀ 880 ਤੋਂ ਵਧਾ ਕੇ 1,100 ਕਰ ਦਿੱਤੀ ਗਈ ਸੀ।

Khushdeep Jassi

This news is Content Editor Khushdeep Jassi