ਇਟਲੀ ''ਚ ਆਮ ਚੋਣਾਂ ਲਈ ਵੋਟਿੰਗ ਸ਼ੁਰੂ

03/04/2018 4:31:10 PM

ਰੋਮ (ਬਿਊਰੋ)— ਇਟਲੀ ਵਿਚ ਐਤਵਾਰ ਨੂੰ ਆਮ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਦੇਸ਼ ਵਿਚ ਇਮੀਗਰੇਸ਼ਨ ਅਤੇ ਅਰਥ ਵਿਵਸਥਾ ਜਿਹੇ ਮੁੱਦਿਆਂ 'ਤੇ ਮਤਭੇਦਾਂ ਵਿਚਕਾਰ ਚੋਣਾਂ ਹੋ ਰਹੀਆਂ ਹਨ। ਇਕ ਸਮਾਚਾਰ ਏਜੰਸੀ ਮੁਤਾਬਕ ਫਾਈਵ ਸਟਾਰ ਮੂਵਮੈਂਟ, ਸੱਤਾਧਾਰੀ ਡੈਮੋਕ੍ਰੈਟਿਕ ਪਾਰਟੀ ਅਤੇ ਸਾਬਕਾ ਪ੍ਰਧਾਨ ਮੰਤਰੀ ਸਿਲਵਿਓ ਬਰਲੁਸਕੋਨੀ ਦੇ ਸੱਜੇ ਪੱਖੀ ਗਠਜੋੜ ਜਿੱਤਣ ਦਾ ਦਾਅਵਾ ਕਰ ਰਹੇ ਹਨ। ਟੈਕਸ ਚੋਰੀ ਦੇ ਦੋਸ਼ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਕਾਰਨ ਬਰਲੁਸਕੋਨੀ (81) ਅਗਲੇ ਸਾਲ ਤੱਕ ਜਨਤਕ ਅਹੁਦਾ ਹਾਸਲ ਨਹੀਂ ਕਰ ਸਕਦੇ। ਚਾਰ ਵਾਰੀ ਪ੍ਰਧਾਨ ਮੰਤਰੀ ਰਹਿ ਚੁੱਕੇ ਬਰਲੁਸਕੋਨੀ ਨੇ ਇਮੀਗਰੇਸ਼ਨ ਵਿਰੋਧੀ ਲੀਗ ਪਾਰਟੀ ਦੇ ਨਾਲ ਗਠਜੋੜ ਕੀਤਾ ਹੈ ਅਤੇ ਦੇਸ਼ ਦੀ ਅਗਵਾਈ ਨੂੰ ਲੈ ਕੇ ਯੂਰਪੀ ਸੰਸਦ ਦੇ ਪ੍ਰਧਾਨ ਐਂਟੋਨਿਓ ਟਜ਼ਾਨੀ ਦਾ ਸਮਰਥਨ ਕੀਤਾ ਹੈ। ਐਤਵਾਰ ਨੂੰ ਹੋ ਰਹੀਆਂ ਚੋਣਾਂ ਦੇ ਨਤੀਜੇ ਸੋਮਵਾਰ ਨੂੰ ਆਉਣ ਦੀ ਉਮੀਦ ਹੈ।