ਲੰਡਨ ਵਿਖੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ,

05/22/2018 3:01:13 PM

ਲੰਡਨ (ਰਾਜਵੀਰ ਸਮਰਾ)- ਪੂਰੀ ਦੁਨੀਆ ਵਿਚ ਹਰ ਸਾਲ ਵਿਸਾਖੀ ਦੇ ਤਿਉਹਾਰ 'ਤੇ ਰੌਣਕਾਂ ਲੱਗਦੀਆਂ ਹਨ ਪਰ ਇਸ ਵਾਰ ਇੰਗਲੈਂਡ ਦੀ ਵਿਸਾਖੀ ਕੁਝ ਖਾਸ ਸੀ। ਇੰਗਲੈਂਡ ਵਿਚ ਇਸ ਸਾਲ ਵਿਸਾਖੀ ਦਾ ਇਹ ਤਿਉਹਾਰ ਧੂਮ-ਧਾਮ ਨਾਲ ਤਾਂ ਮਨਾਇਆ ਹੀ ਗਿਆ। ਇਥੋਂ ਦੇ ਸ਼ਹਿਰ ਪ੍ਰੈਸਟਨ ਵਿਖੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਵਿਸਾਖੀ ਦੇ ਤਿਓਹਾਰ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਪੂਰੇ ਬਰਤਾਨੀਆ ਤੋਂ ਸਿੱਖ ਸੰਗਤਾਂ ਹੁੰਮ-ਹੁੰਮਾ ਕੇ ਪੁੱਜੀਆਂ ਅਤੇ ਇਸ ਅਲੌਕਿਕ ਤੇ ਸ਼ਾਨਦਾਰ ਨਗਰ ਕੀਰਤਨ ਵਿਚ ਹਾਜ਼ਰੀ ਭਰੀ।


ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਕੀਤਾ ਗਿਆ ਅਤੇ ਪਾਲਕੀ ਨੂੰ ਸੋਹਣੇ ਫੁੱਲਾਂ ਨਾਲ ਸਜਾਇਆ ਗਿਆ। ਇਸ ਦੌਰਾਨ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ, ਜਿਸ ਦੌਰਾਨ ਰਾਗੀ ਤੇ ਢਾਡੀ ਜੱਥਿਆਂ ਵਲੋਂ ਰਸ ਭਿੰਨੇ ਕੀਰਤਨ ਨਾਲ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ ਗਿਆ।


ਨਗਰ ਕੀਰਤਨ ਵਿਚ ਛੋਟੇ-ਛੋਟੇ ਬੱਚੇ ਸੋਹਣੀਆਂ ਪੱਗਾਂ ਬੰਨੀ ਖਿੱਚ ਦਾ ਕੇਂਦਰ ਸਨ। ਨਗਰ ਕੀਰਤਨ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਵਿਚ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਗਤਕਾ ਪਾਰਟੀਆਂ ਵਲੋਂ ਆਪਣੇ-ਆਪਣੇ ਜੌਹਰ ਵਿਖਾਏ ਗਏ। ਇਸ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।