UN ਜਨਰਲ ਸਕੱਤਰ ਬੋਲੇ, ਕਈ ਦੇਸ਼ਾਂ 'ਚ ਜੰਗਲੀ ਅੱਗ ਵਾਂਗ ਫੈਲ ਰਿਹੈ ਕੋਰੋਨਾ

06/14/2021 9:34:18 PM

ਲੰਡਨ- ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਾ ਲਗਾਤਾਰ ਬਰਕਰਾਰ ਹੈ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨਿਓ ਗੁਟਾਰੇਸ ਨੇ ਕਿਹਾ ਹੈ ਕਿ ਕਈ ਦੇਸ਼ਾਂ ਵਿਚ ਕੋਰੋਨਾ ਮਹਾਮਾਰੀ ਜੰਗਲ ਦੀ ਅੱਗ ਵਾਂਗ ਫ਼ੈਲਦੀ ਜਾ ਰਹੀ ਹੈ। ਇਸ ਨੂੰ ਰੋਕਣ ਲਈ ਵੈਕਸੀਨ ਤੋਂ ਇਲਾਵਾ ਕੋਈ ਦੂਜਾ ਉਪਾਅ ਨਹੀਂ ਹੈ। ਇਸ ਲਈ ਵੈਕਸੀਨ ਨੂੰ ਇਕ ਜਨਤਕ ਭਲਾਈ ਦੇ ਤੌਰ ’ਤੇ ਦੇਖਣ ਦੀ ਜ਼ਰੂਰਤ ਹੈ।

ਇਹ ਗੱਲ ਉਨ੍ਹਾਂ ਨੇ ਪਿਛਲੇ ਦਿਨੀਂ ਜੀ-7 ਦੇਸ਼ਾਂ ਦੀ ਬੈਠਕ ਤੋਂ ਬਾਅਦ ਆਨਲਾਈਨ ਹੋਈ ਇਕ ਪ੍ਰੈੱਸ ਕਾਨਫਰੰਸ ਵਿਚ ਹਿੱਸਾ ਲੈਂਦੇ ਹੋਏ ਕਹੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਗਲੋਬਲ ਮਹਾਮਾਰੀ ਪੂਰੀ ਦੁਨੀਆ ਲਈ ਪੀੜਾ ਦੀ ਵਜ੍ਹਾ ਬਣੀ ਹੋਈ ਹੈ। ਜੀ-7 ਦੀ ਬੈਠਕ ਅਤੇ ਇਸ ਤੋਂ ਬਾਅਦ ਹੋਈ ਪੱਤਰਕਾਰ ਵਾਰਤਾ ਵਿਚ ਉਨ੍ਹਾਂ ਨੇ ਇਕ ਵਾਰ ਫਿਰ ਤੋਂ ਪੂਰੀ ਦੁਨੀਆ ਵਿਚ ਵੈਕਸੀਨ ਵੰਡ ਨੂੰ ਲੈ ਕੇ ਜਾਰੀ ਫਰਕ 'ਤੇ ਚਿੰਤਾ ਜਤਾਈ।

ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਵਿਚ ਪੂਰੀ ਦੁਨੀਆ ਨੂੰ ਬਚਾਉਣ ਦੀ ਜ਼ਰੂਰਤ ਹੈ, ਅਜਿਹੇ ਵਿਚ ਵੈਕਸੀਨ ਦੀ ਬਰਾਬਰ ਵੰਡ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੂਰੀ ਦੁਨੀਆ ਵਿਚ ਵੈਕਸੀਨ ਦੀਆਂ ਖੁਰਾਕਾਂ ਨੂੰ ਉਪਲਬਧ ਕਰਵਾਉਣਾ ਹੋਵੇਗਾ ਤਾਂ ਹੀ ਦੁਨੀਆ ਇਸ ਮਹਾਮਾਰੀ ਤੋਂ ਪਾਰ ਪਾ ਸਕੇਗੀ। ਗੁਟਾਰੇਸ ਨੇ ਕਿਹਾ ਕਿ ਵੈਕਸੀਨ ਨੂੰ ਲੈ ਕੇ ਮਾਮਲਾ ਸਿਰਫ ਉਸ ਦੀ ਸਪਲਾਈ ਨਿਰਪੱਖਤਾ ਜਾਂ ਨਿਆਂ ਤਕ ਹੀ ਸੀਮਤ ਨਹੀਂ ਹੈ ਸਗੋਂ ਇਸ ਦਾ ਪ੍ਰਭਾਵੀ ਹੋਣਾ ਵੀ ਜ਼ਰੂਰੀ ਹੈ। ਉਨ੍ਹਾਂ ਗਰੀਬ ਦੇਸ਼ਾਂ ਦੀ ਸਥਿਤੀ 'ਤੇ ਚਿੰਤਾ ਪ੍ਰਗਟਾਈ ਕੀਤੀ ਜਿੱਥੇ ਹੁਣ ਤਕ ਕੋਰੋਨਾ ਵੈਕਸੀਨ ਦੀ ਇਕ ਵੀ ਖੁਰਾਕ ਮੁਹੱਈਆ ਨਹੀਂ ਕਰਵਾਈ ਜਾ ਸਕੀ ਹੈ। ਹਾਲਾਂਕਿ, ਸੰਯੁਕਤ ਰਾਸ਼ਟਰ ਦੇ ਮੁਖੀ ਨੇ ਵੱਖ-ਵੱਖ ਅੰਤਰਰਾਸ਼ਟਰੀ ਏਜੰਸੀਆਂ ਵੱਲੋਂ ਵਿਕਾਸਸ਼ੀਲ ਦੇਸ਼ਾਂ ਵਿਚ ਟੀਕੇ ਵੰਡਣ ਲਈ 50 ਬਿਲੀਅਨ ਡਾਲਰ ਦੀ ਯੋਜਨਾ ਨੂੰ ਬਹੁਤ ਵਧੀਆ ਕਦਮ ਦੱਸਿਆ ਹੈ।

Sanjeev

This news is Content Editor Sanjeev