ਪਾਕਿਸਤਾਨ ’ਚ ਯੁੱਧ ਵਰਗੇ ਹਾਲਾਤ, TLP ਨੇਤਾ ਦੀ ਗ੍ਰਿਫ਼ਤਾਰੀ ਖ਼ਿਲਾਫ਼ ਹਿੰਸਕ ਪ੍ਰਦਰਸ਼ਨ ਜਾਰੀ

04/16/2021 12:56:46 PM

ਇਸਲਾਮਾਬਾਦ : ਕੱਟੜਪੰਥੀ ਇਸਲਾਮਾਬਾਦੀ ਪਾਰਟੀ ਦੇ ਨੇਤਾ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪਾਕਿਸਤਾਨ ’ਚ ਹਿੰਸਕ ਪ੍ਰਦਰਸ਼ਨ ਜਾਰੀ ਹਨ । ਪ੍ਰਦਰਸ਼ਨਕਾਰੀਆਂ ਨੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਸਮੇਤ ਕਈ ਮੁੱਖ ਪਾਕਿਸਤਾਨੀ ਸ਼ਹਿਰਾਂ ’ਚ ਸੜਕਾਂ ਨੂੰ ਬੰਦ ਕਰ ਦਿੱਤਾ ਹੈ। ਮੀਡੀਆ ਰਿਪੋਰਟ ਦੇ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਲਾਹੌਰ ਤੇ ਰਾਵਲਪਿੰਡੀ ਸਮੇਤ ਸਾਰੇ ਮੁੱਖ ਸ਼ਹਿਰਾਂ ’ਚ ਸੜਕਾਂ ’ਤੇ ਹੁੜਦੰਗ ਮਚਾਇਆ, ਜਿਸ ਨਾਲ ਦੇਸ਼ ’ਚ ਯੁੱਧ ਵਰਗੇ ਹਾਲਾਤ ਦਿਖੇ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਿੰਸਾ ਦੀਆਂ ਤਸਵੀਰਾਂ ਤੇ ਵੀਡੀਓਜ਼ ਦੇਖ ਕੇ ਯੂਜ਼ਰਜ਼ ਨੇ ਲਿਖਿਆ ਕਿ ਪਾਕਿਸਤਾਨ ’ਚ ਯੁੱਧ ਵਰਗੇ ਹਾਲਾਤ ਹਨ ਤੇ ਕੰਟਰੋਲ ਤੋਂ ਬਾਹਰ ਹਨ ਕਿਉਂਕਿ ਲੱਖਾਂ ਪ੍ਰਦਰਸ਼ਨਕਾਰੀ ਇਮਰਾਨ ਸਰਕਾਰ ਤੇ ਪਾਕਿ ਦੀ ਫੌਜ ਖ਼ਿਲਾਫ਼ ਸੜਕਾਂ ’ਤੇ ਉਤਰ ਆਏ ਹਨ।

ਮਾਮਲਾ ਕੀ ਹੈ
ਪਾਕਿਸਤਾਨ ’ਚ ਫ੍ਰਾਂਸੀਸੀ ਰਾਜਦੂਤ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਹੋਏ ਪ੍ਰਦਰਸ਼ਨ ਦਰਮਿਆਨ ਹਿੰਸਾ ਭੜਕ ਗਈ। ਰਾਜਧਾਨੀ ਇਸਲਾਮਾਬਾਦ ਸਮੇਤ ਕਈ ਸ਼ਹਿਰਾਂ ’ਚ ਅੱਗਜ਼ਨੀ ਤੇ ਭੰਨ-ਤੋੜ ਦੀਆਂ ਘਟਨਾਵਾਂ ਹੋਈਆਂ। ਇੰਨਾ ਹੀ ਨਹੀਂ, ਕਈ ਥਾਵਾਂ ’ਤੇ ਪੁਲਸ ਵਾਲਿਆਂ ਨੂੰ ਦੌੜਾ-ਦੌੜਾ ਕੇ ਕੁੱਟਿਆ ਗਿਆ। ਦਰਅਸਲ, ਪ੍ਰਦਰਸ਼ਨਕਾਰੀਆਂ ਦੇ ਬੇਕਾਬੂ ਹੋਣ ਦਾ ਕਾਰਨ ਇਸਲਾਮਾਬਾਦੀ ਪਾਰਟੀ ਤਹਿਰੀਕ-ਏ-ਲੱਬੈਕ ਪਾਕਿਸਤਾਨ ਪਾਰਟੀ (TLP) ਦੇ ਨੇਤਾ ਸਾਦ ਰਿਜ਼ਵੀ ਦੀ ਗ੍ਰਿਫ਼ਤਾਰੀ ਹੈ। ਗ੍ਰਿਫ਼ਤਾਰੀ ਦੀ ਖਬਰ ਆਮ ਹੁੰਦੇ ਹੀ ਵੱਡੇ ਪੱਧਰ ’ਤੇ ਹਿੰਸਾ ਸ਼ੁਰੂ ਹੋ ਗਈ ਤੇ ਇਮਰਾਨ ਖਾਨ ਸਰਕਾਰ ਹਿੰਸਾਕਾਰੀਆਂ ਸਾਹਮਣੇ ਬੇਵੱਸ ਨਜ਼ਰ ਆਈ । ਟੀ. ਐੱਲ. ਪੀ. ਸਮਰਥਕਾਂ ਨੇ ਫਰਾਂਸ ਦੇ ਰਾਜਦੂਤ ਨੂੰ ਬਰਖਾਸਤ ਕਰਨ ਲਈ ਇਮਰਾਨ ਸਰਕਾਰ ਨੂੰ 20 ਅਪ੍ਰੈਲ ਤਕ ਦਾ ਸਮਾਂ ਦਿੱਤਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਸ ਨੇ ਸੋਮਵਾਰ ਨੂੰ ਪਾਰਟੀ ਦੇ ਮੁਖੀ ਸਾਦ ਹੁਸੈਨ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਤੋਂ ਬਾਅਦ ਟੀ. ਐੱਲ. ਪੀ. ਨੇ ਦੇਸ਼ ਪੱਧਰੀ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪਾਕਿ ’ਚ ਹਿੰਸਾ ਅਤੇ ਝੜਪਾਂ ਦੌਰਾਨ ਹੁਣ ਤਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 300 ਤੋਂ ਵੱਧ ਪੁਲਸ ਕਰਮਚਾਰੀ ਜ਼ਖ਼ਮੀ ਹੋ ਚੁੱਕੇ ਹਨ।

ਉਲਟਾ ਪਿਆ ਇਮਰਾਨ ਸਰਕਾਰ ਦਾ ਦਾਅ
ਫਰਾਂਸ ’ਚ ਈਸ਼ਨਿੰਦਾ ਵਾਲੇ ਕੁਝ ਪ੍ਰਕਾਸ਼ਨਾਂ ਨੂੰ ਲੈ ਕੇ ਟੀ. ਐੱਲ. ਪੀ. ਦੇ ਕਾਰਕੁਨ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫਰਾਂਸੀਸੀ ਰਾਜਦੂਤ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਵਿਰੋਧ ਪ੍ਰਦਰਸ਼ਨ ਦੀ ਅੱਗ ਨੂੰ ਦਬਾਉਣ ਲਈ ਪੁਲਸ ਨੇ ਟੀ. ਐੱਲ. ਪੀ. ਨਵੇਂ ਮੁਖੀ ਸਾਦ ਰਿਜ਼ਵੀ ਨੂੰ ਗ੍ਰਿਫ਼ਤਾਰ ਕੀਤਾ ਪਰ ਇਸ ਦਾ ਉਲਟਾ ਅਸਰ ਦੇਖਣ ਨੂੰ ਮਿਲਿਆ ਤੇ ਵੱਡੀ ਗਿਣਤੀ ’ਚ ਲੋਕ ਸੜਕ ’ਤੇ ਉਤਰ ਆਏ ਤੇ ਹਿੰਸਾ ਸ਼ੁਰੂ ਹੋ ਗਈ। ਇਸ ਹਿੰਸਾ ’ਚ ਇਕ ਪੁਲਸ ਕਰਮਚਾਰੀ ਦੀ ਮੌਤ ਹੋ ਗਈ, ਜਦਕਿ ਟੀ. ਐੱਲ. ਪੀ. ਦਾ ਦਾਅਵਾ ਹੈ ਕਿ ਪੁਲਸ ਦੀ ਗੋਲੀਬਾਰੀ ’ਚ ਉਸ ਦੇ 12 ਕਾਰਕੁਨਾਂ ਦੀ ਮੌਤ ਹੋਈ ਹੈ।

ਫਰਾਂਸੀਸੀ ਨਾਗਰਿਕਾਂ ਨੂੰ ਪਾਕਿ ਛੱਡਣ ਦੀ ਸਲਾਹ
ਇਸੇ ਦਰਮਿਆਨ ਫਰਾਂਸ ਦੇ ਦੂਤਘਰ ਨੇ ਪਾਕਿਸਤਾਨ ’ਚ ਸਾਰੇ ਫਰਾਂਸੀਸੀ ਨਾਗਰਿਕਾਂ ਨੂੰ ਅਸਥਾਈ ਤੌਰ ’ਤੇ ਦੇਸ਼ ਛੱਡਣ ਦੀ ਸਲਾਹ ਦਿੱਤੀ ਹੈ। ਫਰਾਂਸ ਨੇ ਇਹ ਕਦਮ ਪਾਕਿਸਤਾਨ ’ਚ ਕੱਟੜਪੰਥੀ ਧਾਰਮਿਕ ਸੰਗਠਨ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀ. ਐੱਲ. ਪੀ.) ਵਲੋਂ ਕੀਤੇ ਜਾ ਰਹੇ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਚੁੱਕਿਆ ਹੈ। ਉਸ ਨੇ ਕਿਹਾ ਕਿ ਪਾਕਿਸਤਾਨ ’ਚ ਫਰਾਂਸੀਸੀ ਨਾਗਰਿਕਾਂ ’ਤੇ ਗੰਭੀਰ ਖਤਰਾ ਮੰਡਰਾਅ ਰਿਹਾ ਹੈ। ਫਰਾਂਸੀਸੀ ਦੂਤਘਰ ਨੇ ਇਕ ਈਮੇਲ ਰਾਹੀਂ ਦੱਸਿਆ ਹੈ ਕਿ ਗੰਭੀਰ ਖਤਰੇ ਨੂੰ ਦੇਖਦੇ ਹੋਏ ਪਾਕਿ ਦੇ ਕਿਸੇ ਵੀ ਹਿੱਸੇ ’ਚ ਰਹਿਣ ਵਾਲੇ ਫਰਾਂਸ ਦੇ ਨਾਗਰਿਕ ਤੁਰੰਤ ਦੂਸਰੇ ਦੇਸ਼ ’ਚ ਰਵਾਨਾ ਹੋ ਜਾਣ।

Anuradha

This news is Content Editor Anuradha