ਵਿਲੈਤਰੀ ਵਿਖੇ ਢਾਡੀ ਹੀਰਾਵਾਲੀ ਦਾ ਗੋਲਡ ਮੈਡਲ ਦੇ ਕੇ ਕੀਤਾ ਗਿਆ ਸਨਮਾਨ

08/17/2017 12:40:06 PM

ਮਿਲਾਨ/ਇਟਲੀ (ਸਾਬੀ ਚੀਨੀਆ)— ਪਹਿਲਵਾਨੀ ਦਾ ਅਖਾੜਾ ਛੱਡ ਰੋਜੀ-ਰੋਟੀ ਖਾਤਰ ਇਟਲੀ ਆ ਵੱਸੇ ਅਤੇ ਆਪਣੇ ਬੱਚਿਆ ਨੂੰ ਪੱਛਮ ਦੀ ਰੰਗਲੀ ਦੁਨੀਆ ਤੋਂ ਦੂਰ ਰੱਖ ਕੇ ਪੂਰਨ ਗਰੁਸਿੱਖ ਬਣਾ ਕੇ ਸਿੱਖੀ ਪ੍ਰਚਾਰ ਲਈ ਗੁਰੂ ਲੜ੍ਹ ਲੱਗੇ ਢਾਡੀ ਮਨਦੀਪ ਸਿੰਘ ਹੀਰਾਵਾਲੀ ਦੇ ਢਾਡੀ ਜੱਥੇ ਦਾ ਬੀਤੇ ਦਿਨ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੈਤਰੀ ਵਿਖੇ ਕਰਵਾਏ ਕੌਮਾਂਤਰੀ ਧਾਰਮਿਕ ਸਮਾਗਮ ਦੌਰਾਨ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਨੇ ਹੀਰਾਵਾਲੀ ਨੂੰ ਸਨਮਾਨ ਦਿੰਦਿਆ ਆਖਿਆ ਗਿਆ ਕਿ ਇਹ ਸਨਮਾਨ ਉਨਾਂ ਦੇ ਬੱਚਿਆ ਵੱਲੋਂ ਕੀਤੀ ਜਾ ਰਹੀ ਮਿਹਨਤ ਨੂੰ ਦੇਖਦਿਆ ਦਿੱਤਾ ਜਾ ਰਿਹਾ ਹੈ ਤਾਂ ਜੋ ਹੋਰ ਬੱਚੇ ਉਨਾਂ ਤੋਂ ਸਬਕ ਲੈ ਕੇ ਸਿੱਖੀ ਪ੍ਰਚਾਰ ਲਈ ਅੱਗੇ ਆਉਣ ਅਤੇ ਖਾਲਸੇ ਦੀ ਚੜ੍ਹਦੀ ਕਲਾ ਲਈ ਆਪਣਾ ਬਣਦਾ ਯੋਗਦਾਨ ਪਾਉਣ।
ਇਸ ਮੌਕੇ ਧੰਨਵਾਦੀ ਬੋਲਦਿਆ ਭਾਈ ਮਨਦੀਪ ਸਿੰਘ ਨੇ ਆਖਿਆ ਕਿ ਉਹ ਖੁਦ ਨੂੰ ਇਸ ਕਾਬਿਲ ਨਹੀਂ ਸਮਝਦੇ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਮੈਡਲ ਲੈਣ ਪਰ ਪ੍ਰਬੰਧਕਾਂ ਵੱਲੋਂ ਦਿੱਤੇ ਸਤਿਕਾਰ ਨੂੰ ਗੁਰੂ ਸਾਹਿਬ ਦਾ ਅਸ਼ੀਰਵਾਦ ਸਮਝ ਕੇ ਇਸ ਮੈਡਲ ਨੂੰ ਸਵੀਕਾਰ ਕਰਦਿਆਂ ਸੰਗਤ ਨੂੰ ਵਚਨ ਦਿੰਦਾ ਹਾਂ ਕਿ ਮੈਡਲ ਵਿਚ ਇੰਨਾਂ ਹੀ ਸੋਨਾ ਹੋਰ ਪਾ ਕੇ ਕਿਸੇ ਗਰੀਬ ਪਰਿਵਾਰ ਦੀ ਧੀ ਦੇ ਵਿਆਹ ਮੌਕੇ ਉਸ ਨੂੰ ਦੇ ਕੇ ਆਪਣਾ ਫਰਜ਼ ਨਿਭਾਵਾਂਗਾ।