ਮਾਲਿਆ ਦੀ ਹਵਾਲਗੀ ਨੂੰ ਲੈ ਕੇ ਬ੍ਰਿਟਿਸ਼ ਕੋਰਟ ''ਚ ਸੁਣਵਾਈ ਜਾਰੀ, ਦਿਖਾਇਆ ਗਿਆ ਇਹ ਵੀਡੀਓ

09/12/2018 3:58:50 PM

ਲੰਡਨ (ਏਜੰਸੀ)— ਭਾਰਤ ਦੇ ਬੈਂਕਾਂ ਦਾ ਕਰੀਬ 9,000 ਕਰੋੜ ਰੁਪਏ ਲੈ ਕੇ ਫਰਾਰ ਹੋਇਆ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਹਵਾਲਗੀ ਕੇਸ 'ਚ ਅੱਜ ਬ੍ਰਿਟੇਨ ਦੀ ਅਦਾਲਤ ਵਿਚ ਅਹਿਮ ਸੁਣਵਾਈ ਚੱਲ ਰਹੀ ਹੈ। ਮਾਲਿਆ ਲੰਡਨ ਸਥਿਤ ਵੈਸਟਮਿੰਸਟਨ ਕੋਰਟ ਵਿਚ ਮੌਜੂਦ ਹਨ। ਅਦਾਲਤ ਵਿਚ ਭਾਰਤੀ ਅਧਿਕਾਰੀਆਂ ਨੇ ਮੁੰਬਈ ਦੇ ਆਰਥਰ ਰੋਡ ਜੇਲ ਵਿਚ ਮਾਲਿਆ ਨੂੰ ਰੱਖਣ ਲਈ ਤਿਆਰ ਸੈੱਲ ਦਾ ਵੀਡੀਓ ਪੇਸ਼ ਕੀਤਾ ਹੈ। ਜਿਰਹਾਂ ਵਿਚ ਮਾਲਿਆ ਦੇ ਵਕੀਲ ਨੇ ਬੇਨਤੀ ਕੀਤੀ ਹੈ ਕਿ ਇਸ ਵੀਡੀਓ ਨੂੰ ਅਦਾਲਤ ਵਿਚ ਦਿਖਾਇਆ ਜਾਵੇ। ਇਸ ਤੋਂ ਬਾਅਦ ਮੈਜਿਸਟ੍ਰੇਟ ਨੇ ਕਿਹਾ ਕਿ ਉਨ੍ਹਾਂ ਨੇ ਇਹ ਵੀਡੀਓ 3 ਵਾਰ ਦੇਖਿਆ ਹੈ। 

ਮਾਲਿਆ ਦੇ ਵਕੀਲਾਂ ਨੇ ਇਕ ਵਾਰ ਫਿਰ ਕਲਾਇੰਟ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਕਿ ਕਿੰਗਫਿਸ਼ਰ ਦਾ ਡੁੱਬਣਾ ਇਕ ਕਾਰੋਬਾਰੀ ਅਸਫਲਤਾ ਹੈ, ਇਸ ਨੂੰ ਧੋਖਾਧੜੀ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਦੱਸਣਯੋਗ ਹੈ ਕਿ ਮਾਲਿਆ ਨੇ ਕਿਹਾ ਸੀ ਕਿ ਭਾਰਤੀ ਜੇਲਾਂ ਦੀ ਹਾਲਤ ਬੇਹੱਦ ਖਰਾਬ ਹੈ, ਇਸ ਲਈ ਉਸ ਨੂੰ ਭਾਰਤ ਨੂੰ ਨਾ ਸੌਂਪਿਆ ਜਾਵੇ। ਹਵਾਲਗੀ ਤੋਂ ਬਚਣ ਲਈ ਮਾਲਿਆ ਦੀ ਇਸ ਦਲੀਲ ਤੋਂ ਬਾਅਦ ਬ੍ਰਿਟਿਸ਼ ਕੋਰਟ ਨੇ ਭਾਰਤੀ ਅਧਿਕਾਰੀਆਂ ਤੋਂ ਜੇਲ ਦਾ ਵੀਡੀਓ ਪੇਸ਼ ਕਰਨ ਨੂੰ ਕਿਹਾ ਸੀ। 

ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਦਾ ਫੈਸਲਾ ਕੀ ਹੋਵੇਗਾ, ਇਸ ਨੂੰ ਭਾਰਤੀ ਪੱਖ ਅਤੇ ਮਾਲਿਆ, ਦੋਹਾਂ ਦੇ ਲਿਹਾਜ ਨਾਲ ਅਹਿਮ ਮੰਨਿਆ ਜਾ ਰਿਹਾ ਹੈ। ਜੇਕਰ ਅਦਾਲਤ ਮਾਲਿਆ ਦੀ ਹਵਾਲਗੀ ਦੀ ਆਗਿਆ ਦਿੰਦਾ ਹੈ ਤਾਂ ਇਸ ਤੋਂ ਬਾਅਦ ਮਾਮਲਾ ਬ੍ਰਿਟੇਨ ਦੇ ਗ੍ਰਹਿ ਵਿਭਾਗ ਕੋਲ ਜਾਵੇਗਾ, ਜਿੱਥੋਂ ਮਾਲਿਆ ਦੀ ਹਵਾਲਗੀ ਦੀ ਆਗਿਆ 'ਤੇ ਫੈਸਲਾ ਹੋਵੇਗਾ। ਕਿੰਗਫਿਸ਼ਰ ਏਅਰਲਾਈਨਜ਼ ਦੇ 62 ਸਾਲਾ ਮੁਖੀ ਪਿਛਲੇ ਸਾਲ ਅਪ੍ਰੈਲ ਵਿਚ ਜਾਰੀ ਹਵਾਲਗੀ ਵਾਰੰਟ ਤੋਂ ਬਾਅਦ ਜਮਾਨਤ 'ਤੇ ਹਨ। ਉਸ 'ਤੇ ਭਾਰਤ ਵਿਚ ਕਰੀਬ 9,000 ਕਰੋੜ ਰੁਪਏ ਦੇ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ ਹਨ।