ਲਾਕਡਾਊਨ ਦੌਰਾਨ ਇਸ ਦੇਸ਼ ਨੇ ਲਗਾਏ ''Rice ATM'', 24 ਘੰਟੇ ਮਿਲਦੇ ਹਨ ਫ੍ਰੀ ਚੌਲ

04/14/2020 5:48:20 PM

ਹਨੋਈ (ਬਿਊਰੋ): ਕੋਵਿਡ-19 ਦੇ ਪ੍ਰਸਾਰ ਨੂੰ ਫੈਲਣ ਤੋਂ ਰੋਕਣ ਲਈ ਜ਼ਿਆਦਾਤਰ ਦੇਸ਼ ਲਾਕਡਾਊਨ ਹੋ ਚੁੱਕੇ ਹਨ।ਇਸ ਸਥਿਤੀ ਵਿਚ ਮੱਧ ਅਤੇ ਹੇਠਲੇ ਵਰਗ ਦੇ ਲੋਕਾਂ ਨੂੰ ਭੋਜਨ ਜੁਟਾਉਣ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਈ ਲੋਕਾਂ ਦੀ ਨੌਕਰੀ ਤੱਕ ਵੀ ਚਲੀ ਗਈ ਹੈ। ਅਜਿਹੇ ਵਿਚ ਇਕ ਦੇਸ਼ ਨੇ ਲੋੜਵੰਦ ਲੋਕਾਂ ਦੀ ਮਦਦ ਲਈ ਇਕ ਅਨੋਖਾ ਤਰੀਕਾ ਕੱਢਿਆ ਹੈ। ਇਸ ਨਾਲ ਸਮਾਜਿਕ ਦੂਰੀ ਵੀ ਬਣੀ ਰਹੇਗੀ ਅਤੇ ਨਾਲ ਹੀ ਉਹਨਾਂ ਨੂੰ ਪੂਰੇ ਦਿਨ ਲਈ ਚੌਲ ਵੀ ਮਿਲ ਸਕਣਗੇ।

ਇਹ ਯੋਜਨਾ ਵੀਅਤਨਾਮ ਦੇਸ਼ ਵਿਚ ਲਾਗੂ ਕੀਤੀ ਗਈ ਹੈ। ਲਾਕਡਾਊਨ ਕਾਰਨ ਖਾਣੇ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ 'ਰਾਈਸ ਏ.ਟੀ.ਐੱਮ.' (ਚੌਲ ਦੇਣ ਵਾਲੀਆਂ ਮਸ਼ੀਨਾਂ) ਲਗਾਏ ਗਏ ਹਨ। ਇਹਨਾਂ ਮਸ਼ੀਨਾਂ ਤੋਂ ਕੋਈ ਵੀ ਬੈਂਕ ਦੇ ਏ.ਟੀ.ਐੱਮ. ਵਾਂਗ ਫ੍ਰੀ ਵਿਚ ਚੌਲ ਲੈ ਸਕਦਾ ਹੈ। 'ਰਾਈਸ ਏ.ਟੀ.ਐੱਮ.' 24 ਘੰਟੇ ਕੰਮ ਕਰਦਾ ਹੈ। ਵੀਅਤਨਾਮ ਦੇ ਇਕ ਕਾਰੋਬਾਰੀ ਨੇ 'ਰਾਈਸ ਏ.ਟੀ.ਐੱਮ.' ਮਸ਼ੀਨ ਲਗਵਾਉਣ ਦੀ ਪਹਿਲ ਕੀਤੀ ਹੈ ਤਾਂ ਜੋ ਲਾਕਡਾਊਨ ਦੇ ਸਮੇਂ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ। ਇਹ ਪਹਿਲ ਕਾਫੀ ਹੱਦ ਤੱਕ ਕਾਰਗਰ ਵੀ ਸਾਬਤ ਹੋ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਵੀਅਤਨਾਮ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 262 ਮਾਮਲੇ ਸਾਹਮਣੇ ਆਏ ਹਨ ਭਾਵੇਂਕਿ ਹਾਲੇ ਤੱਕ ਕਿਸੇ ਵਿਅਕਤੀ ਦੀ ਮੌਤ ਦੀ ਸੂਚਨਾ ਨਹੀਂ ਮਿਲੀ ਹੈ ਪਰ 31 ਮਾਰਚ ਤੋਂ ਪੂਰੇ ਦੇਸ਼ ਵਿਚ ਲਾਕਡਾਊਨ ਐਲਾਨਿਆ ਗਿਆ ਹੈ। ਲੋਕਾਂ ਨੇ ਵੀ ਸਮਾਜਿਕ ਦੂਰੀ ਦਾ ਪਾਲਣ ਕਰਨਾ ਸ਼ੁਰੂ ਕਰ ਦਿੱਤਾ ਹੈ। ਲਾਕਡਾਊਨ ਕਾਰਨ ਛੋਟੇ-ਛੋਟੇ ਕਾਰੋਬਾਰ ਠੱਪ ਹੋ ਗਏ ਹਨ। ਉੱਥੇ ਹਜ਼ਾਰਾਂ ਲੋਕਾਂ ਨੂੰ ਅਸਥਾਈ ਤੌਰ 'ਤੇ ਕੰਮ ਤੋਂ ਕੱਢ ਦਿੱਤਾ ਗਿਆ ਹੈ। ਸਮਾਚਾਰ ਏਜੰਸੀ ਰਾਇਟਰਜ਼ ਮੁਤਾਬਕ ਗੁਯੇਨ ਥੀ ਲੇ ਨਾਮ ਵਾਲੀ ਮਹਿਲਾ ਦੇ ਪਤੀ ਉਹਨਾਂ ਲੋਕਾਂ ਵਿਚੋਂ ਇਕ ਹਨ ਜਿਹਨਾਂ ਨੇ ਲਾਕਡਾਊਨ ਕਾਰਨ ਆਪਣੀ ਨੌਕਰੀ ਗਵਾ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ 'ਰਾਈਸ ਏ.ਟੀ.ਐੱਮ.' ਕਾਫੀ ਸਹਾਇਕ ਸਾਬਤ ਹੋ ਰਿਹਾ ਹੈ। ਚੌਲਾਂ ਦਾ ਇਕ ਬੈਗ ਇਕ ਦਿਨ ਲਈ ਲੋੜੀਂਦਾ ਹੁੰਦਾ ਹੈ। 3 ਬੱਚਿਆਂ ਦੀ ਮਾਂ ਗੁਯੇਨ ਦਾ ਕਹਿਣਾ ਹੈ,'' ਸਾਨੂੰ ਥੋੜ੍ਹੇ ਹੀ ਭੋਜਨ ਦੀ ਲੋੜ ਹੈ ।ਸਾਡੇ ਗੁਆਂਢੀ ਕਦੇ-ਕਦੇ ਸਾਨੂੰ ਕੁਝ ਬਚਿਆ ਹੋਇਆ ਭੋਜਨ ਦੇ ਦਿੰਦੇ ਹਨ ਨਹੀਂ ਤਾਂ ਅਸੀਂ ਨੂਡਲਜ਼ ਖਾ ਕੇ ਗੁਜਾਰਾ ਕਰ ਲੈਂਦੇ ਹਾਂ।''

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਕੰਪਨੀ ਬਣੀ ਕੋਰੋਨਾ 'super spreader', 6 ਰਾਜਾਂ 'ਚ ਘੁੰਮੇ 20 ਇਨਫੈਕਟਿਡ

ਚੌਲਾਂ ਦੇ ਇਸ ਏ.ਟੀ.ਐੱਮ. ਤੋਂ ਇਕ ਵਾਰ ਵਿਚ 1.5 ਕਿਲੋ ਚੌਲ ਨਿਕਲਦੇ ਹਨ। ਇਹ ਏ.ਟੀ.ਐੱਮ. ਖਾਸ ਕਰਕੇ ਉਹਨਾਂ ਲੋਕਾਂ ਲਈ ਸਹਾਇਕ ਸਿੱਧ ਹੋ ਰਿਹਾ ਹੈ ਜੋ ਲੋਕ ਸਟ੍ਰੀਟ ਸੇਲਰ, ਹਾਊਸਕੀਪਿੰਗ, ਲਾਟਰੀ ਟਿਕਟ ਵੇਚਣ ਦਾ ਕੰਮ ਕਰ ਕੇ ਪੈਸੇ ਕਮਾਉਂਦੇ ਹਨ। 'ਰਾਈਸ ਏ.ਟੀ.ਐੱਮ.' ਦੀ ਪਹਿਲ ਕਾਰੋਬਾਰੀ ਹੋਆਂਗ ਤੁਆਨ ਨਾਮ ਦੇ ਵਿਅਕਤੀ ਨੇ ਕੀਤੀ ਹੈ। ਉਹਨਾਂ ਨੇ ਇਸ ਤੋਂ ਪਹਿਲਾਂ ਮਿਨਹ ਸਿਟੀ ਦੇ ਹਸਪਤਾਲਾਂ ਨੂੰ ਸਮਾਰਟ ਡੋਰਬੇਲ ਦਾਨ ਕੀਤੀ ਸੀ। ਰਾਜ ਦੇ ਮੀਡੀਆ ਮੁਤਾਬਕ ਹਨੋਈ, ਹਿਊ ਅਤੇ ਦਾਨੰਗ ਜਿਹੇ ਹੋਰ ਵੱਡੇ ਸ਼ਹਿਰਾਂ ਵਿਚ ਵੀ ਇਸੇ ਤਰ੍ਹਾਂ ਦੇ ਹੋਰ ਵੀ 'ਰਾਈਸ ਏ.ਟੀ.ਐੱਮ.' ਲਗਾਏ ਗਏ ਹਨ।


 

Vandana

This news is Content Editor Vandana