ਦੁਨੀਆ ਦੇ ਸਭ ਤੋਂ ਵਧੀਆ ਰਹਿਣਯੋਗ ਸ਼ਹਿਰਾਂ ''ਚ ਵਿਆਨਾ ਦੀ ਸਰਦਾਰੀ

09/05/2019 12:11:38 PM

ਮੈਲਬੋਰਨ, (ਮਨਦੀਪ ਸਿੰਘ ਸੈਣੀ)— ਇੰਗਲੈਂਡ ਦੀ ਸੰਸਥਾ 'ਦਿ ਇਕਾਨਮਿਸਟ ਇੰਟੈਲ਼ੀਜੈਂਸ ਯੂਨਿਟ' ਵਲੋਂ ਕਰਵਾਏ ਗਏ ਤਾਜੇ ਸਰਵੇਖਣ ਵਿੱਚ ਯੂਰਪੀ ਦੇਸ਼ ਆਸਟ੍ਰੀਆ ਦੀ ਰਾਜਧਾਨੀ ਵਿਆਨਾ ਨੂੰ ਦੂਸਰੀ ਵਾਰ ਦੁਨੀਆ ਦਾ ਸਭ ਤੋਂ ਵਧੀਆ ਰਹਿਣ ਯੋਗ ਸ਼ਹਿਰ ਐਲਾਨਿਆ ਗਿਆ ਹੈ। ਵਿਆਨਾ ਨੇ ਇਸ ਸਾਲ ਵੀ ਖਿਤਾਬ ਬਰਕਰਾਰ ਰੱਖਿਆ ਹੈ ਜਦਕਿ ਮੈਲਬੋਰਨ ਪਿਛਲੀ ਵਾਰ ਦੀ ਤਰ੍ਹਾਂ ਇਸ ਸਾਲ ਵੀ ਦੂਜੇ ਸਥਾਨ 'ਤੇ ਕਾਬਜ਼ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਖੂਬਸੂਰਤ ਸ਼ਹਿਰ ਮੈਲਬੋਰਨ ਨੂੰ ਵੀ ਪਿਛਲੇ ਸਾਲਾਂ ਦੌਰਾਨ ਲਗਾਤਾਰ ਸੱਤਾਂ ਸਾਲਾਂ ਤੋਂ ਪਹਿਲੇ ਸਥਾਨ 'ਤੇ ਕਾਬਜ਼ ਰਹਿਣ ਦਾ ਮਾਣ ਪ੍ਰਾਪਤ ਹੋ ਚੁੱਕਾ ਹੈ ।

ਇਹ ਸਰਵੇਖਣ ਵਿਸ਼ਵ ਦੇ 140 ਸ਼ਹਿਰਾਂ 'ਚ ਕਰਵਾਇਆ ਗਿਆ ਤੇ ਇਹ ਵਧੀਅਂ ਸਿਹਤ ਸਹੂਲਤਾਂ, ਵਾਤਾਵਰਨ, ਉੱਚ ਸਿੱਖਿਆ, ਬੁਨਿਆਦੀ ਢਾਂਚਾ, ਅਤੇ ਸੱਭਿਆਚਾਰ 'ਤੇ ਆਧਾਰਿਤ ਸੀ। ਆਸਟ੍ਰੇਲੀਆਈ ਸ਼ਹਿਰ ਸਿਡਨੀ ਨੂੰ ਤੀਜਾ, ਜਾਪਾਨ ਦੇ ਸ਼ਹਿਰ ਓਸਾਕਾ ਨੂੰ ਚੌਥਾ ਤੇ ਕੈਨੇਡਾ ਦੇ ਸ਼ਹਿਰ ਕੈਲਗਰੀ ਨੂੰ ਪੰਜਵਾਂ ਸਥਾਨ ਹਾਸਲ ਹੋਇਆ ਹੈ। ਇਸ ਦਰਜਾਬੰਦੀ ਵਿੱਚ ਵੈਨਕੁਵਰ ਨੂੰ ਛੇਵਾਂ, ਟੋਕੀਓ ਅਤੇ ਟੋਰਾਂਟੋ ਨੂੰ ਸੱਤਵਾਂ ਦਰਜਾ ਪ੍ਰਾਪਤ ਹੋਇਆ ਹੈ। ਡੈਨਮਾਰਕ ਦਾ ਸ਼ਹਿਰ ਕਾਪਨਹੇਗਨ ਨੌਵੇਂ ਅਤੇ ਆਸਟ੍ਰੇਲੀਆਈ ਸ਼ਹਿਰ ਐਡੀਲੇਡ ਦਸਵੇਂ ਸਥਾਨ 'ਤੇ ਸ਼ੁਮਾਰ ਹੋਇਆ ਹੈ। ਸਰਵੇਖਣ ਅਨੁਸਾਰ ਸਭ ਤੋਂ ਘੱਟ ਰਹਿਣਯੋਗ ਸ਼ਹਿਰਾਂ ਵਿੱਚ ਦਮਾਸਸ, ਢਾਕਾ, ਲਾਊਸ, ਕਰਾਚੀ, ਪੋਰਟ ਮੋਰਸਬੀ, ਹਰਾਰੇ, ਤ੍ਰਿਪੋਲੀ ਆਦਿ ਐਲਾਨੇ ਗਏ ਹਨ।