ਲਗਜ਼ਰੀ ਹੋਟਲਾਂ ਦੀ ਸਫਾਈ ਦੇਖ ਉੱਡ ਜਾਣਗੇ ਹੋਸ਼

11/17/2018 5:04:58 PM

ਬੀਜਿੰਗ— ਜੇਕਰ ਤੁਸੀਂ ਵੀ ਵਿਦੇਸ਼ਾਂ 'ਚ ਘੁੰਮਣ ਤੇ ਮਹਿੰਗੇ ਹੋਟਲਾਂ 'ਚ ਰਹਿਣ ਦੇ ਸ਼ੌਕੀਨ ਹੋ ਤਾਂ ਆਪਣੀ ਵਿਦੇਸ਼ ਯਾਤਰਾ ਦੌਰਾਨ ਸਾਵਧਾਨ ਰਹੋ ਕਿਉਂਕਿ ਬੀਤੇ ਦਿਨੀਂ ਇਕ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਦਿਖਾਇਆ ਗਿਆ ਸੀ ਕਿ ਕਿਵੇਂ ਚਾਰ ਮਹਿੰਗੇ ਹੋਟਲਾਂ ਦੇ ਕਲੀਨਰ ਕੌਫੀ ਦੇ ਕੱਪਾਂ ਤੇ ਪਾਣੀ ਦੇ ਗਿਲਾਸਾਂ ਨੂੰ ਗੰਦੀ ਸਪੰਜ ਤੇ ਗੰਦੇ ਟਾਵਲਾਂ ਨਾਲ ਸਾਫ ਕਰਦੇ ਹਨ, ਜਿਨ੍ਹਾਂ ਨੂੰ ਟਾਇਲਟ ਸੀਟਾਂ ਲਈ ਰੱਖਿਆ ਜਾਂਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਚੀਨ ਦੇ ਚਾਰ ਲਗਜ਼ਰੀ ਹੋਟਲਾਂ ਨੂੰ ਮੁਆਫੀ ਮੰਗਣੀ ਪੈ ਗਈ।

ਫੂਜ਼ੋ ਦੇ ਸ਼ੰਗਰੀ-ਲਾ ਹੋਟਲ ਨੇ ਕਿਹਾ ਕਿ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਸਫਾਈ ਮਿਆਰਾਂ ਦੀ ਉਲੰਘਣਾ ਕੀਤੀ ਗਈ ਹੈ ਜਦਕਿ ਬੀਜਿੰਗ ਦੇ ਪਾਰਕ ਹਯਾਤ ਨੇ ਇਸ ਨੂੰ ਗਲਤੀ ਨਾਲ ਵਾਪਰੀ ਘਟਨਾ ਦੱਸਿਆ। ਇਸ ਦੇ ਨਾਲ ਹੀ ਸ਼ੰਘਾਈ ਦੇ ਵਾਲਡੌਰਫ ਐਸਟੋਰੀਆ ਤੇ ਗੂਈਯੇਂਗ ਸ਼ਹਿਰ ਦੇ ਸ਼ੇਰੇਟੋਨ ਹੋਲਟਾਂ ਨੇ ਇਸ ਘਟਨਾ 'ਤੇ ਮੁਆਫੀ ਮੰਗੀ ਤੇ ਆਪਣੀਆਂ ਸਫਾਈ ਮਿਆਰਾਂ ਦੀ ਸਮੀਖਿਆ ਕਰਨ ਦਾ ਭਰੋਸਾ ਦਿਵਾਇਆ। ਚੀਨ ਦੇ ਹੀ ਇਕ ਬਲਾਗਰ ਨੇ ਬੁੱਧਵਾਰ ਨੂੰ ਵੀਬੋ, ਚੀਨ ਦੇ ਟਵਿਟਰ ਵਰਜ਼ਨ, 'ਤੇ ਆਪਣੇ ਅਕਾਉਂਟ ਤੋਂ ਇਸ ਘਟਨਾ ਦੀ ਵੀਡੀਓ ਸ਼ੇਅਰ ਕੀਤੀ ਸੀ। ਚੀਨ ਦੇ ਮੀਡੀਆ 'ਚ ਇਸ ਖਬਰ ਦੇ ਆਉਣ ਨਾਲ ਇਹ ਵੀਡੀਓ ਵਾਇਰਲ ਹੋ ਗਈ ਤੇ ਸ਼ੁੱਕਰਵਾਰ ਸ਼ਾਮ ਤੱਕ 78,000 ਵਾਰ ਸ਼ੇਅਰ ਕੀਤੀ ਗਈ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਬੀਜਿੰਗ ਦੀ ਸੈਰ-ਸਪਾਟਾ ਅਥਾਰਟੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਹੋਟਲਾਂ ਦੇ ਅਭਿਆਸਾਂ ਦੀ ਜਾਂਚ ਤੇ ਉਨ੍ਹਾਂ ਨੂੰ ਸੁਧਾਰਣ ਦੀ ਲੋੜ ਹੈ ਤੇ ਬੀਜਿੰਗ ਦੇ ਸਿਹਤ ਕਮਿਸ਼ਨਰ ਨੂੰ ਵੀ ਇਨ੍ਹਾਂ ਚਾਰ ਹੋਟਲਾਂ ਦਾ ਮੁਆਇਨਾ ਕਰਨ ਲਈ ਕਿਹਾ।