23 ਸਾਲਾਂ ਤੋਂ ਨਿਆਂ ਲਈ ਤੜਫ ਰਿਹਾ ਸੀ ਪਰਿਵਾਰ, ਪੁੱਤ ਦੇ ਕਾਤਲ ਨੂੰ ਮਿਲੇਗੀ ਸਜ਼ਾ

04/23/2018 10:59:39 AM

ਵਿਕਟੋਰੀਆ— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਕਤਲ ਕੀਤੇ ਗਏ ਰਿਕੀ ਬਾਲਕੋਮਬੇ ਨਾਂ ਦੇ ਲੜਕੇ ਦੇ ਕਾਤਲ ਨੂੰ ਤਕਰੀਬਨ 23 ਸਾਲਾਂ ਬਾਅਦ ਦੋਸ਼ੀ ਠਹਿਰਾਇਆ ਗਿਆ। ਤਕਰੀਬਨ ਦੋ ਦਹਾਕਿਆਂ ਬਾਅਦ ਰਿਕੀ ਨੂੰ ਇਨਸਾਫ ਮਿਲੇਗਾ। ਦਰਅਸਲ ਰਿਕੀ ਦੀ ਆਸਟ੍ਰੇਲੀਆ ਦੇ ਸ਼ਹਿਰ ਜਿਲੋਂਗ ਸਥਿਤ ਮਾਰਕੀਟ ਸੁਕਏਅਰ ਸ਼ਾਪਿੰਗ ਸੈਂਟਰ ਵਿਚ 1995 'ਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਰਿਕੀ ਦੀ ਉਮਰ ਸਿਰਫ 16 ਸਾਲ ਦੀ ਸੀ। ਰਿਕੀ ਦੇ ਕਤਲ ਦੇ ਦੋਸ਼ ਵਿਚ 44 ਸਾਲਾ ਕਾਰਲ ਹੇਗ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਹੈ। ਰਿਕੀ ਦੇ ਕਤਲ ਦੇ ਸਮੇਂ ਉਸ ਦਾ ਦੋਸਤ ਪਾਓਲ ਨਾਲ ਸੀ, ਉਸ ਨੇ ਕਿਹਾ ਕਿ ਉਸ ਨੇ ਦੇਖਿਆ ਸੀ ਕਿ ਹੇਗ ਨੇ ਉਸ ਦੇ ਦੋਸਤ (ਰਿਕੀ) ਨੂੰ ਚਾਕੂ ਮਾਰੇ। ਹੇਗ ਉਸ ਸਮੇਂ 21 ਸਾਲ ਦਾ ਨੌਜਵਾਨ ਸੀ, ਉਸ ਨੇ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਸੀ ਕਿ ਪੁਲਸ ਨੂੰ ਗਵਾਹ ਝੂਠ ਦੱਸ ਰਹੇ ਹਨ।


ਓਧਰ ਵਕੀਲ ਨੇ ਕਿਹਾ ਕਿ ਰਿਕੀ ਦਾ ਕਤਲ ਬਦਲਾ ਲੈਣ ਲਈ ਕੀਤਾ ਗਿਆ। ਰਿਕੀ ਦੇ ਕਤਲ ਤੋਂ ਕੁਝ ਹਫਤੇ ਪਹਿਲਾਂ ਰਿਕੀ ਅਤੇ ਉਸ ਦੇ ਦੋਸਤਾਂ ਨੇ ਹੇਗ ਦੀ ਕਾਰ 'ਤੇ ਹਮਲਾ ਕੀਤਾ ਸੀ, ਜਿਸ ਦਾ ਹੇਗ ਨੇ ਬਦਲਾ ਲਿਆ। ਰਿਕੀ ਦੇ ਕਤਲ ਦੇ ਕੇਸ ਦੀ ਸੁਣਵਾਈ ਸੁਪਰੀਮ ਕੋਰਟ 'ਚ ਹੋਈ। ਲੰਬੀ ਜਾਂਚ ਪੜਤਾਲ ਅਤੇ ਵੱਖ-ਵੱਖ ਗਵਾਹਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਹੇਗ ਨੂੰ ਦੋਸ਼ੀ ਠਹਿਰਾਇਆ। 


ਸੋਮਵਾਰ ਭਾਵ ਅੱਜ ਹੇਗ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਅਦਾਲਤ ਦੇ ਬਾਹਰ ਰਿਕੀ ਦੀ ਮਾਂ ਨੇ ਕਿਹਾ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਚੰਗਾ ਦਿਨ ਸੀ, 23 ਸਾਲਾਂ ਬਾਅਦ ਮੇਰੇ ਪੁੱਤ ਦੇ ਕਾਤਲ ਨੂੰ ਦੋਸ਼ੀ ਠਹਿਰਾਇਆ ਗਿਆ। ਮਾਂ ਨੇ ਕਿਹਾ ਕਿ ਸਾਡੇ ਨਾਲ ਨਿਆਂ ਕੀਤਾ ਗਿਆ, ਅਸੀਂ ਬਸ ਇਹ ਹੀ ਸੋਚਦੇ ਹਾਂ। ਓਧਰ ਹੇਗ ਦੀ ਮਾਂ ਨੇ ਕਿਹਾ ਕਿ ਇਹ ਫੈਸਲਾ ਸਹੀ ਨਹੀਂ ਹੈ। ਮੈਂ ਇਸ ਨੂੰ ਨਹੀਂ ਮੰਨਦੀ, ਇਹ ਬਿਲਕੁੱਲ ਗਲਤ ਹੈ। ਹੇਗ ਨੂੰ 2 ਮਈ ਨੂੰ ਸਜ਼ਾ ਸੁਣਾਈ ਜਾਵੇਗੀ।