ਆਸਟਰੇਲੀਆ ਦੇ ਇਸ ਸੂਬੇ ''ਚ ਵਧੇ ਕੋਰੋਨਾ ਦੇ ਮਾਮਲੇ, ਲੱਗਣ ਜਾ ਰਹੀਆਂ ਨੇ ਹੋਰ ਪਾਬੰਦੀਆਂ

06/20/2020 2:40:38 PM

ਵਿਕਟੋਰੀਆ- ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਨ ਆਸਟਰੇਲੀਆ ਦਾ ਸੂਬਾ ਵਿਕਟੋਰੀਆ ਕੁੱਝ ਹੋਰ ਪਾਬੰਦੀਆਂ ਲਗਾਉਣ ਜਾ ਰਿਹਾ ਹੈ। ਅਧਿਕਾਰਕ ਜਾਣਕਾਰੀ ਮੁਤਾਬਕ ਸੋਮਵਾਰ ਤੋਂ ਸੂਬੇ ਵਿਚ ਪਾਬੰਦੀਆਂ ਵਧਾ ਦਿੱਤੀਆਂ ਜਾਣਗੀਆਂ ਕਿਉਂਕਿ ਪਿਛਲੇ ਚਾਰ ਦਿਨਾਂ ਤੋਂ ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।
ਵਿਕਟੋਰੀਆ ਦੇ ਮੁੱਖ ਮੰਤਰੀ ਡੈਨੀਅਲ ਐਂਡਰੀਊ ਨੇ ਕਿਹਾ ਕਿ ਉਹ ਘਰਾਂ ਵਿਚ ਇਕੱਠੇ ਹੋਣ ਵਾਲਿਆਂ ਦੀ ਗਿਣਤੀ ਵਿਚ ਕਮੀ ਕਰਨ ਜਾ ਰਹੇ ਹਨ। ਉਨ੍ਹਾਂ ਮੁਤਾਬਕ 12 ਜੁਲਾਈ ਤੋਂ ਘਰਾਂ ਵਿਚ 5 ਤੋਂ ਵਧੇਰੇ ਮਹਿਮਾਨ ਨਹੀਂ ਇਕੱਠੇ ਹੋ ਸਕਣਗੇ ਤੇ ਘਰਾਂ ਤੋਂ ਬਾਹਰ 10 ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਰਹੇਗੀ। 

ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਇੱਥੇ 25 ਨਵੇਂ ਮਾਮਲੇ ਦਰਜ ਕੀਤੇ ਗਏ, ਜੋ ਪਿਛਲੇ ਦੋ ਮਹੀਨਿਆਂ ਵਿਚ ਪਹਿਲੀ ਵਾਰ ਹੋਇਆ। ਇਸ ਦੇ ਨਾਲ ਹੀ ਜਿੰਮ ਤੇ ਸਿਨੇਮਾ ਘਰਾਂ ਵਿਚ 20 ਲੋਕ ਇਕੱਠੇ ਹੋ ਸਕਦੇ ਹਨ।  ਉਨ੍ਹਾਂ ਕਿਹਾ ਕਿ ਜੇਕਰ ਮਾਮਲੇ ਹੋਰ ਵਧੇ ਤਾਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੇ ਹੁਕਮ ਦਿੱਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਵਿਕਟੋਰੀਆ ਵਿਚ ਕੋਰੋਨਾ ਵਾਇਰਸ ਕਾਰਨ 19 ਲੋਕਾਂ ਦੀ ਮੌਤ ਹੋਈ ਹੈ ਤੇ 1800 ਲੋਕ ਕੋਰੋਨਾ ਦੀ ਲਪੇਟ ਵਿਚ ਹਨ। 
 


Lalita Mam

Content Editor

Related News