ਆਸਟ੍ਰੇਲੀਆ ਜੰਗਲੀ ਅੱਗ : ਸ੍ਰੀ ਦੁਰਗਾ ਮੰਦਰ ਕਮੇਟੀ ਵਲੋਂ ਦਾਨ ਕੀਤੀ ਗਈ ਵੱਡੀ ਰਾਸ਼ੀ

01/11/2020 2:33:37 PM

ਮੈਲਬੌਰਨ,— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼, ਵਿਕਟੋਰੀਆ ਤੇ ਦੱਖਣੀ ਆਸਟ੍ਰੇਲੀਆ 'ਚ ਮਚੀ ਜੰਗਲੀ ਅੱਗ ਦੇ ਭਾਂਬੜ ਨੇ ਦੇਸ਼ ਨੂੰ ਭਾਰੀ ਨੁਕਸਾਨ ਝੱਲਣ ਲਈ ਮਜਬੂਰ ਕਰ ਦਿੱਤਾ ਹੈ। ਇੱਥੇ ਰਹਿ ਰਿਹਾ ਭਾਰਤੀ ਭਾਈਚਾਰਾ ਵੀ ਇਸ ਮੁਸ਼ਕਲ ਦੀ ਘੜੀ 'ਚ ਆਸਟ੍ਰੇਲੀਆ ਵਾਸੀਆਂ ਦਾ ਸਾਥ ਦੇ ਰਿਹਾ ਹੈ।

ਵਿਕਟੋਰੀਆ ਦੇ 'ਸ੍ਰੀ ਦੁਰਗਾ ਟੈਂਪਲ ਰੋਕਬੈਂਕ ਕਮੇਟੀ' ਵਲੋਂ ਜੰਗਲੀ ਅੱਗ ਪੀੜਤਾਂ ਦੀ ਮਦਦ ਲਈ ਦਾਨ ਰਾਸ਼ੀ ਇਕੱਠੀ ਕੀਤੀ ਗਈ। ਸ਼ੁੱਕਰਵਾਰ ਨੂੰ ਕਮੇਟੀ ਨੇ 25,000 ਡਾਲਰ ਦਾ ਚੈੱਕ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰੀਊ ਨੂੰ ਸੌਂਪਿਆ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਹਿੰਦੂ ਭਾਈਚਾਰਾ ਇਸ ਦੁੱਖ ਦੀ ਘੜੀ 'ਚ ਪੀੜਤਾਂ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹੁਣ ਇਕ ਹੀ ਪਰਿਵਾਰ ਹਾਂ, ਇਸ ਲਈ ਸੁੱਖ-ਦੁੱਖ 'ਚ ਇਕ-ਦੂਜੇ ਲਈ ਖੜ੍ਹੇ ਹੋਣਾ ਸਾਡਾ ਫਰਜ਼ ਹੈ। ਪ੍ਰੀਮੀਅਰ ਐਂਡਰੀਊ ਨੇ ਇਸ ਸ਼ਲਾਘਾਯੋਗ ਕਦਮ ਦਾ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਜੰਗਲੀ ਅੱਗ ਕਾਰਨ ਇੱਥੇ ਸੈਂਕੜੇ ਘਰ ਬਰਬਾਦ ਹੋ ਚੁੱਕੇ ਹਨ ਤੇ ਕਈ ਲੋਕਾਂ ਦੀ ਜਾਨ ਚਲੇ ਗਈ ਹੈ। ਇਸ ਦੇ ਨਾਲ ਹੀ ਦੇਸ਼ 'ਚ ਕਈ ਜਾਨਵਰਾਂ ਦੀਆਂ ਨਸਲਾਂ ਵੀ ਖਤਮ ਹੋਣ ਦੀ ਕਗਾਰ 'ਤੇ ਆ ਗਈਆਂ ਹਨ। ਸਭ ਲੋਕ ਧਰਮ ਤੇ ਭਾਈਚਾਰੇ ਦੀ ਸਰਹੱਦ ਨੂੰ ਤੋੜਦੇ ਹੋਏ ਮਿਲ ਕੇ ਦਾਨ ਕਰ ਰਹੇ ਹਨ।


Related News