ਵਿਕਟੋਰੀਆ ਦੀ ਜੇਲ ਵਿਚੋਂ ਕੈਦੀ ਹੋਏ ਫਰਾਰ, ਪੁਲਸ ਨੂੰ ਪਈਆਂ ਭਾਜੜਾਂ

07/27/2017 3:30:38 PM

ਮੈਲਬੌਰਨ (ਜੁਗਿੰਦਰ ਸੰਧੂ) -ਕਈ ਅਪਰਾਧਕ ਮਾਮਲਿਆਂ ਵਿਚ ਸਜ਼ਾ ਭੁਗਤ ਰਹੇ ਤਿੰਨ ਕੈਦੀਆਂ ਦੇ ਇਥੋਂ ਦੀ ਇਕ ਜੇਲ ਵਿਚੋਂ ਫਰਾਰ ਹੋ ਜਾਣ ਨਾਲ ਵਿਕਟੋਰੀਆ ਦੀ ਪੁਲਸ ਨੂੰ ਭਾਜੜਾਂ ਪੈ ਗਈਆਂ ਹਨ। ਬਿੱਲੀ ਸਪਰਲਿੰਗ, ਥਾਮਸ ਸਮਿੱਥ ਅਤੇ ਜਿਓਫਰੀ ਨਾਮੀ ਉਕਤ ਵਿਅਕਤੀ ਜਾਇਦਾਦ ਦੇ ਝਗੜੇ, ਚੋਰੀ, ਠੱਗੀ ਅਤੇ ਡਰੱਗਜ਼ ਦੇ ਮਾਮਲਿਆਂ ਵਿਚ ਜੇਲ ਵਿਚ ਬੰਦ ਹਨ। ਬੀਚਵਰਥ ਸੁਧਾਰ ਘਰ ਨਾਮੀ ਜੇਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਤਿੰਨੇ ਵਿਅਕਤੀ ਬੁੱਧਵਾਰ ਦੀ ਰਾਤ ਤੋਂ ਘੱਟ ਸੁਰੱਖਿਆ ਵਾਲੀ ਜੇਲ ਵਿਚੋਂ ਫਰਾਰ ਹੋ ਗਏ। ਅਜੇ ਪਤਾ ਨਹੀਂ ਲੱਗ ਸਕਿਆ ਕਿ ਇਹ ਤਿੰਨੇ ਕੈਦੀ ਜੇਲ ਵਿਚੋਂ ਫਰਾਰ ਹੋਣ ਲਈ ਕਿਵੇਂ ਕਾਮਯਾਬ ਹੋਏ। ਵਿਕਟੋਰੀਆ ਪੁਲਸ ਨੇ ਇਨ੍ਹਾਂ ਤਿੰਨਾਂ ਦੀ ਗ੍ਰਿਫਤਾਰੀ ਲਈ ਮੁਹਿੰਮ ਛੇੜ ਦਿੱਤੀ ਹੈ ਪੁਲਸ ਦੇ ਹੱਥ ਕੋਈ ਜਾਣਕਾਰੀ ਨਹੀਂ ਲੱਗੀ।