ਟੋਰਾਂਟੋ ਵੈਨ ਹਾਦਸੇ ਨੇ ਖੋਹ ਲਈਆਂ ਪਰਿਵਾਰਾਂ ਦੀਆਂ ਖੁਸ਼ੀਆਂ, 3 ਮ੍ਰਿਤਕਾਂ ਦੀ ਹੋਈ ਪਛਾਣ

04/25/2018 12:51:10 PM

ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਬੀਤੇ ਸੋਮਵਾਰ ਨੂੰ ਇਕ ਵੈਨ ਨੇ ਪੈਦਲ ਸਵਾਰ ਯਾਤਰੀਆਂ ਨੂੰ ਕੁਚਲ ਦਿੱਤਾ, ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗਏ। ਵੈਨ ਡਰਾਈਵਰ ਨੂੰ ਟੋਰਾਂਟੋ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ, ਜੋ ਕਿ ਕੈਨੇਡਾ ਦਾ ਹੀ ਰਹਿਣ ਵਾਲਾ ਹੈ। ਅਲੇਕ ਮਿਨਸਿਸਅਨ ਨਾਂ ਦੇ 25 ਸਾਲਾ ਦੋਸ਼ੀ ਨੇ ਸੋਮਵਾਰ ਦੀ ਦੁਪਹਿਰ ਨੂੰ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਅਲੇਕ ਨੂੰ ਔਰਤਾਂ ਨਾਲ ਨਫਰਤ ਸੀ, ਜਿਸ ਕਾਰਨ ਉਸ ਨੇ ਅਜਿਹੀ ਘਟਨਾ ਨੂੰ ਅੰਜ਼ਾਮ ਦਿੱਤਾ। 
ਇਸ ਵੈਨ ਹਮਲੇ ਵਿਚ ਮਾਰੇ ਗਏ 10 ਲੋਕਾਂ 'ਚੋਂ 3 ਦੀ ਪਛਾਣ ਹੋ ਗਈ ਹੈ। ਟੋਰਾਂਟੋ 'ਚ ਰਹਿਣ ਵਾਲੀ 80 ਸਾਲਾ ਡਰੋਥੀ ਸਿਵੇਲ ਇਸ ਵੈਨ ਹਮਲੇ 'ਚ ਮਾਰੀ ਗਈ। ਡਰੋਥੀ ਦੇ ਪੋਤੇ ਏਲਵੁੱਡ ਡੈਲਾਨੀ ਨੇ ਦੱਸਿਆ ਕਿ ਉਹ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕਮਲੂਪਸ 'ਚ ਰਹਿੰਦਾ ਹੈ। ਏਲਵੁੱਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸ ਦੀ ਦਾਦੀ ਇਸ ਵੈਨ ਹਮਲੇ 'ਚ ਮਾਰੀ ਗਈ। ਏਲਵੁੱਡ ਨੇ ਕਿਹਾ ਕਿ ਉਸ ਦੀ ਦਾਦੀ ਖੇਡ ਪ੍ਰੇਮੀ ਸੀ ਅਤੇ ਟੋਰਾਂਟੋ ਸਪੋਰਟਸ ਟੀਮ ਉਸ ਦੀ ਮਨਪਸੰਦ ਟੀਮ ਸੀ। ਉਸ ਨੇ ਅੱਗੇ ਦੱਸਿਆ ਕਿ ਮੇਰੀ ਦਾਦੀ ਸਿਵੇਲ ਪਿਛਲੇ 40 ਸਾਲਾਂ ਤੋਂ ਟੋਰਾਂਟੋ 'ਚ ਰਹਿ ਰਹੀ ਸੀ। 


ਇਸ ਹਮਲੇ 'ਚ 24 ਸਾਲਾ ਐਨੇ ਮੈਰੀ ਡੀ ਅਮੀਕੋ ਨਾਂ ਦੀ ਲੜਕੀ ਦੀ ਮੌਤ ਹੋ ਗਈ ਜੋ ਕਿ ਯੂ. ਐੱਸ. ਅਧਾਰਿਤ ਨਿਵੇਸ਼ ਮੈਨੇਜਮੈਂਟ ਫਰਮ ਇਨਵੇਸਕੋ ਕੈਨੇਡਾ ਦੀ ਕਰਮਚਾਰੀ ਸੀ। ਐਨੇ ਇਕ ਦਿਆਲੂ ਲੜਕੀ ਸੀ, ਜੋ ਕਿ ਹਮੇਸ਼ਾ ਲੋਕਾਂ ਦੀ ਮਦਦ ਲਈ ਤਿਆਰ ਰਹਿੰਦੀ ਸੀ। ਐਨੇ ਨੇ ਟੋਰਾਂਟੋ ਦੀ ਯੂਨੀਵਰਸਿਟੀ 'ਚ ਪੜ੍ਹਾਈ ਕੀਤੀ ਸੀ। ਇਸ ਤੋਂ ਇਲਾਵਾ ਤੀਜਾ ਵਿਅਕਤੀ ਜੋ ਇਸ ਵੈਨ ਹਾਦਸੇ 'ਚ ਮਾਰਿਆ ਗਿਆ, ਉਸ ਦੀ ਪਛਾਣ ਚੁਲ ਮਿਨ ਵਜੋਂ ਹੋਈ ਹੈ।