ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੇ ਸੇਵਾ-ਮੁਕਤ ਅਧਿਕਾਰੀ ਦੀ ਮੌਤ ਲਈ ਪ੍ਰਦਰਸ਼ਨਕਾਰੀਆਂ ਨੂੰ ਮੰਨਿਆ ਜ਼ਿੰਮੇਵਾਰ

05/29/2017 5:18:06 PM

ਕਰਾਕਸ— ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਫੌਜ ਦੇ ਸੇਵਾ-ਮੁਕਤ ਅਧਿਕਾਰੀ ਦੀ ਹੱਤਿਆ ਲਈ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਇਸ ਨੂੰ ਨਫ਼ਰਤ ਅਪਰਾਧ ਕਰਾਰ ਦਿੱਤਾ। ਵਕੀਲਾਂ ਨੇ ਕਿਹਾ ਕਿ ਪੱਛਮੀ ਸੂਬੇ ਲਾਰਾ ਦੇ ਕਾਬੁਰਦਰੇ ਸ਼ਹਿਰ 'ਚ ਸ਼ਨੀਵਾਰ (27 ਮਈ) ਦੀ ਰਾਤ ਨੂੰ ਹਮਲਾਵਰਾਂ ਨੇ 34 ਸਾਲਾ ਸੇਵਾ-ਮੁਕਤ ਨੈਸ਼ਨਲ ਗਾਰਡ ਲੈਫਟੀਨੈਂਟ ਨੂੰ ਕੁੱਟਿਆ ਅਤੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਦੋਸ਼ੀਆਂ ਦੀ ਅਜੇ ਪਛਾਣ ਕੀਤੀ ਜਾਣੀ ਬਾਕੀ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੇ ਜਾ ਰਹੇ ਹਿੰਸਕ ਪ੍ਰਦਰਸ਼ਨ ਦੌਰਾਨ ਕਈ ਮੌਤਾਂ ਹੋਈਆਂ ਹਨ ਜਿਨ੍ਹਾਂ 'ਚ ਇਹ ਵੀ ਸ਼ਾਮਲ ਹੈ। ਪ੍ਰਦਰਸ਼ਨਾਂ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਕੇ ਹੁਣ 59 ਹੋ ਗਈ ਹੈ। ਇਕ ਸਰਕਾਰੀ ਚੈਨਲ 'ਤੇ ਆਪਣੇ ਹਫ਼ਤਾਵਰ ਪ੍ਰੋਗਰਾਮ 'ਚ ਮਾਦੁਰੋ ਨੇ ਕਿਹਾ, ''ਇਹ ਇਕ ਨਫ਼ਰਤ ਅਪਰਾਧ ਹੈ।''