ਮੈਂ ਆਪਣੀ ਜ਼ਿੰਦਗੀ ਵੈਨਜ਼ੁਏਲਾ ਨੂੰ ਸਮਰਪਿਤ ਕਰਾਂਗਾ : ਰਾਸ਼ਟਰਪਤੀ ਨਿਕੋਲਸ

05/21/2019 3:42:58 PM

ਕਾਰਾਕਸ— ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਕਿਹਾ ਕਿ ਉਹ ਆਪਣਾ ਜੀਵਨ ਵੈਨਜ਼ੁਏਲਾ ਦੇ ਲੋਕਾਂ ਲਈ ਸਮਰਪਿਤ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਇਕ ਸਾਲ ਪਹਿਲਾਂ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪ੍ਰਮਾਤਮਾ ਨੇ ਉਨ੍ਹਾਂ ਨੂੰ ਬਚਾਅ ਲਿਆ ਤਾਂ ਕਿ ਉਹ ਲੋਕਾਂ ਦੀ ਸੇਵਾ ਕਰ ਸਕਣ। ਮਾਦੁਰੋ ਦੇ ਭਾਸ਼ਣ ਨੂੰ ਉਨ੍ਹਾਂ ਦੇ ਸਮਰਕਥਕਾਂ ਲਈ ਟਵੀਟ ਕੀਤਾ ਗਿਆ,''ਕੀ ਤੁਹਾਨੂੰ ਯਾਦ ਹੈ ਕਿ ਪਿਛਲੇ ਸਾਲ 4 ਅਗਸਤ ਨੂੰ ਉਨ੍ਹਾਂ ਨੇ ਕਿਵੇਂ ਮੈਨੂੰ ਡਰੋਨ ਧਮਾਕੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਸੀ? ਕਿਸ ਨੇ ਬਚਾਇਆ ਮੈਨੂੰ? ਸਾਡੇ ਪ੍ਰਮਾਤਮਾ ਨੇ। ਉਨ੍ਹਾਂ ਨੇ ਮੈਨੂੰ ਕੁੱਝ ਕਰਨ ਲਈ ਜੀਵਨ ਦਿੱਤਾ ਹੈ ਅਤੇ ਇਸ ਕਾਰਨ ਲੋਕਾਂ ਦੀ ਖੁਸ਼ੀ ਲਈ ਅਤੇ ਦੇਸ਼ ਦੀ ਤਰੱਕੀ ਲਈ ਮੈਂ ਆਪਣਾ ਜੀਵਨ ਸਮਰਪਿਤ ਕਰਾਂਗਾ।''

ਵੈਨਜ਼ੁਏਲਾ ਦੇ ਅਧਿਕਾਰੀਆਂ ਮੁਤਾਬਕ ਕਤਲ ਦੀ ਕੋਸ਼ਿਸ਼ 4 ਅਗਸਤ ਨੂੰ ਕੀਤੀ ਗਈ ਸੀ ਜਦ ਰਾਸ਼ਟਰਪਤੀ ਦੇਸ਼ ਦੀ ਰਾਜਧਾਨੀ ਕਾਰਾਕਸ 'ਚ ਇਕ ਫੌਜੀ ਪਰੇਡ 'ਚ ਸ਼ਿਰਕਤ ਕਰ ਰਹੇ ਸਨ। ਉਨ੍ਹਾਂ 'ਤੇ ਬੰਬ ਨਾਲ ਲੱਦੇ ਡਰੋਨ ਤੋਂ ਹਮਲਾ ਕੀਤਾ ਗਿਆ, ਜਿਸ 'ਚ ਮਾਦੁਰੋ ਬਾਲ-ਬਾਲ ਬਚੇ ਪਰ ਕਈ ਫੌਜੀ ਜ਼ਖਮੀ ਹੋ ਗਏ। ਇਸ ਸਾਲ ਜਨਵਰੀ ਦੇ ਬਾਅਦ ਤੋਂ ਵੈਨਜ਼ੁਏਲਾ ਗੰਭੀਰ ਰੂਪ ਨਾਲ ਅਸ਼ਾਂਤ ਹੈ ਕਿਉਂਕਿ ਅਮਰੀਕਾ ਸਮਰਥਿਤ ਵਿਰੋਧੀ ਨੇਤਾ ਜੁਆਨ ਗੁਇਡੋ ਨੇ ਖੁਦ ਨੂੰ ਆਖਰੀ ਰਾਸ਼ਟਰਪਤੀ ਘੋਸ਼ਿਤ ਕਰ ਦਿੱਤਾ ਸੀ। ਵੈਨਜ਼ੁਏਲਾ 'ਚ ਤਣਾਅ ਅਪ੍ਰੈਲ ਦੇ ਅਖੀਰ 'ਚ ਹੱਦ 'ਤੇ ਪੁੱਜ ਗਿਆ ਜਦ ਵੈਨਜ਼ੁਏਲਾ ਦੇ ਵਿਰੋਧੀ ਦਲ ਨੇ ਮਾਦੁਰੋ ਨੂੰ ਹਟਾਉਣ ਲਈ ਤਖਤਾਪਲਟ ਦੀ ਕੋਸ਼ਿਸ਼ ਸ਼ੁਰੂ ਕੀਤੀ ਤਾਂ ਇਹ ਵੀ ਅਸਫਲ ਰਹੀ।