ਵੈਨੇਜ਼ੁਏਲਾ 'ਚ ਮਹਿੰਗਾਈ ਦੀ ਮਾਰ, ਸਰਕਾਰ ਨੇ ਜਾਰੀ ਕੀਤਾ 50,000 ਦਾ ਨੋਟ

06/13/2019 4:28:32 PM

ਕਰਾਕਸ (ਬਿਊਰੋ)— ਵੈਨੇਜ਼ੁਏਲਾ ਵਿਚ ਸਰਕਾਰ ਨੇ ਸਲਾਨਾ ਮਹਿੰਗਾਈ ਦਰ 'ਤੇ ਥੋੜ੍ਹਾ ਕੰਟਰੋਲ ਪਾਇਆ ਹੈ ਪਰ ਹਾਲੇ ਵੀ ਇਹ 10 ਲੱਖ ਫੀਸਦੀ ਤੋਂ ਥੋੜ੍ਹਾ ਹੀ ਹੇਠਾਂ ਆਈ ਹੈ। ਵੈਨੇਜ਼ੁਏਲਾ ਵਿਚ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਲੋਕ ਥੈਲਿਆਂ ਵਿਚ ਨੋਟ ਭਰ ਕੇ ਲਿਜਾਂਦੇ ਹਨ ਪਰ ਬਦਲੇ ਵਿਚ ਖਾਣ-ਪੀਣ ਦਾ ਥੋੜ੍ਹਾ ਸਮਾਨ ਹੀ ਮਿਲ ਪਾਉਂਦਾ ਹੈ। ਦੇਸ਼ ਵਿਚ ਮਹਿੰਗਾਈ ਦੀ ਬੁਰੀ ਹਾਲਤ ਦੇਖਦਿਆਂ ਸਰਕਾਰ ਨੇ 10,000, 20,000 ਅਤੇ 50,000 ਦੇ ਨੋਟ (ਵੈਨੇਜ਼ੁਏਲਾ ਦੀ ਮੁਦਰਾ) ਛਾਪਣ ਦਾ ਫੈਸਲਾ ਲਿਆ ਹੈ ਤਾਂ ਜੋ ਭੁਗਤਾਨ ਅਤੇ ਵਪਾਰਕ ਲੈਣ-ਦੇਣ ਕੀਤਾ ਜਾ ਸਕੇ। 

ਭਾਵੇਂਕਿ ਸਭ ਤੋਂ ਵੱਡੇ ਬੈਂਕ ਨੋਟ ਨਾਲ ਇੱਥੇ ਤੁਸੀਂ ਮੁਸ਼ਕਲ ਨਾਲ ਸਿਰਫ 1 ਕਿਲੋ ਸੇਬ ਹੀ ਖਰੀਦ ਸਕੋਗੇ। ਹਾਲੇ ਤੱਕ ਇੱਥੇ ਸਭ ਤੋਂ ਛੋਟਾ ਨੋਟ 500 ਬੋਲੀਵਰ ਸੀ। 2.5 ਲੱਖ ਬੋਲੀਵਰ ਇਕ ਡਾਲਰ ਦੇ ਰੇਟ 'ਤੇ ਚੱਲ ਰਿਹਾ ਹੈ। ਸੰਯੁਕਤ ਰਾਸ਼ਟਰ ਨੇ ਵੀ ਚਿਤਾਵਨੀ ਜਾਰੀ ਕਰਦਿਆਂ ਦੱਸਿਆ ਕਿ ਵੈਨੇਜ਼ੁਏਲਾ ਵਿਚ ਅਸੰਤੁਲਿਤ ਸਿਆਸੀ ਸਥਿਤੀ, ਭੋਜਨ ਦੀ ਕਮੀ ਅਤੇ ਭਿਆਨਕ ਮਹਿੰਗਾਈ ਦੇ ਕਾਰਨ ਹੁਣ ਤੱਕ 40 ਲੱਖ ਲੋਕ ਦੇਸ਼ ਛੱਡ ਕੇ ਜਾ ਚੁੱਕੇ ਹਨ। ਵੈਨੇਜ਼ੁਏਲਾ ਦੇ ਕੇਂਦਰੀ ਬੈਂਕ ਨੇ ਨਵੇਂ ਨੋਟਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਹੁਣ ਤੱਕ ਦੇਸ਼ ਵਿਚ ਸਭ ਤੋਂ ਛੋਟਾ ਨੋਟ 500 ਬੋਲੀਵਰ ਸੀ ਜੋ ਕਿ ਸਿਟੀ ਬੱਸ ਦੀ ਛੋਟੀ ਦੂਰੀ ਦੇ ਕਿਰਾਏ ਦੇ ਬਰਾਬਰ ਹੈ। 

ਵੈਨੇਜ਼ੁਏਲਾ ਵਿਚ ਅਰਥਵਿਵਸਥਾ ਬੇਹਾਲ ਹੋ ਚੁੱਕੀ ਹੈ। ਇੱਥੇ ਲੋਕਾਂ ਕੋਲ ਭੋਜਨ ਲਈ ਪੈਸੇ ਨਹੀਂ ਹਨ ਜਾਂ ਫਿਰ ਜਿੰਨੇ ਪੈਸੇ ਹਨ ਉਨ੍ਹਾਂ ਵਿਚ ਕੁਝ ਖਰੀਦ ਨਹੀਂ ਪਾ ਰਹੇ। ਇੱਥੇ ਮਾਮੂਲੀ ਬ੍ਰੈੱਡ ਦੀ ਕੀਮਤ ਸੈਂਕੜੇ ਵਿਚ ਹੈ ਅਤੇ ਇਕ ਕੱਪ ਕੌਫੀ ਦੀ ਕੀਮਤ ਲੱਖਾਂ ਵਿਚ ਹੈ। ਇਸ ਸਾਲ ਅਪ੍ਰੈਲ ਵਿਚ ਇੱਥੇ ਮਹਿੰਗਾਈ ਦਰ 13 ਲੱਖ ਫੀਸਦੀ ਤੱਕ ਪਹੁੰਚ ਗਈ ਸੀ। ਵੈਨੇਜ਼ੁਏਲਾ ਦੇ ਰਾਸ਼ਟਰਪਤੀ  ਨਿਕੋਲਸ ਮਾਦੁਰੋ ਨੇ ਬੀਤੇ ਸਾਲ ਇਕ ਲੱਖ ਦੀ ਮੁਦਰਾ ਤੋਂ ਪੰਜ ਜ਼ੀਰੋ ਹਟਾ ਦਿੱਤੇ ਸਨ ਅਤੇ ਇਸ ਦੀ ਕੀਮਤ 1 ਬੋਲੀਵਰ ਕਰ ਦਿੱਤੀ ਸੀ। ਇਹ ਕਦਮ ਕੈਸ਼ ਦੀ ਕਮੀ ਨੂੰ ਦੂਰ ਕਰਨ ਲਈ ਚੁੱਕਿਆ ਗਿਆ ਸੀ ਤਾਂ ਜੋ ਡੈਬਿਟ ਅਤੇ ਕ੍ਰੈਡਿਟ 'ਤੇ ਨਿਰਭਰਤਾ ਘੱਟ ਕੀਤੀ ਜਾ ਸਕੇ। 

2018 ਵਿਚ ਮਹਿੰਗਾਈ ਦਰ ਦੀ ਮਾਰ ਦੇ ਬਾਅਦ ਸਭ ਤੋਂ ਜ਼ਿਆਦਾ ਮੁੱਲ ਦੇ ਨੋਟ 500 ਬੋਲੀਵਰਸ ਦੇ ਸਨ ਪਰ ਹੁਣ ਇਸ ਦੀ ਇੰਨੀ ਕੀਮਤ ਵੀ ਨਹੀਂ ਰਹਿ ਗਈ ਕਿ ਇਸ ਨਾਲ ਇਕ ਕੈਂਡੀ ਖਰੀਦੀ ਜਾ ਸਕੇ। ਵਰਤਮਾਨ ਵਿਚ ਸਭ ਤੋਂ ਵੱਡੇ ਬੈਂਕ ਨੋਟ ਦੀ ਕੀਮਤ ਸਿਰਫ 8 ਅਮਰੀਕੀ ਡਾਲਰ ਹੈ। 2014 ਵਿਚ ਅੰਤਰਰਾਸ਼ਟਰੀ ਬਜ਼ਾਰ ਵਿਚ ਤੇਲ ਦੀ ਕੀਮਤ ਘਟਣ ਦੇ ਬਾਅਦ ਵੈਨੇਜ਼ੁਏਲਾ ਸਮੇਤ ਕਈ ਦੇਸ਼ ਪ੍ਰਭਾਵਿਤ ਹੋਏ ਹਨ।

Vandana

This news is Content Editor Vandana