ਯੌਨ ਸ਼ੋਸ਼ਣ ਮਾਮਲੇ ''ਚ ਪੋਪ ਅਮਰੀਕੀ ਚਰਚ ਦੇ ਨੇਤਾਵਾਂ ਨਾਲ ਕਰਨਗੇ ਮੁਲਾਕਾਤ

09/12/2018 12:53:02 PM

ਵੈਟੀਕਨ ਸਿਟੀ (ਭਾਸ਼ਾ)— ਵੈਟੀਕਨ ਨੇ ਕਿਹਾ ਹੈ ਕਿ ਇਕ ਅਮਰੀਕੀ ਕਾਰਡੀਨਲ ਵਿਰੁੱਧ ਯੌਨ ਸ਼ੋਸ਼ਣ ਦੇ ਦੋਸ਼ਾਂ ਨੂੰ ਲੁਕਾਉਣ ਦੇ ਦੋਸ਼ ਲੱਗਣ ਮਗਰੋਂ ਪੋਪ ਫ੍ਰਾਂਸਿਸ ਅਮਰੀਕੀ ਕੈਥਲਿਕ ਚਰਚ ਦੇ ਨੇਤਾਵਾਂ ਨਾਲ ਵੀਰਵਾਰ ਨੂੰ ਮੁਲਾਕਾਤ ਕਰਨਗੇ। ਅਮਰੀਕੀ ਕਾਨਫਰੰਸ ਆਫ ਕੈਥਲਿਕ ਬਿਸ਼ਪਸ ਦੇ ਪ੍ਰਧਾਨ ਕਾਰਡੀਨਲ ਡੈਨੀਅਲ ਡਿਨਾਰਡੋ ਇਸ ਬੈਠਕ ਵਿਚ ਸ਼ਾਮਲ ਹੋਣਗੇ। ਉਨ੍ਹਾਂ ਨੇ ਬੀਤੇ ਮਹੀਨੇ ਕਿਹਾ ਸੀ ਕਿ ਇਸ ਘਪਲੇ ਦੇ ਮੱਦੇਨਜ਼ਰ ਉਹ ਪੋਪ ਨਾਲ ਮਿਲਣ ਦੇ ਚਾਹਵਾਨ ਹਨ। 

ਵੈਟੀਕਨ ਦੇ ਬੁਲਾਰੇ ਜੀ ਬੁਰਕ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਬੈਠਕ ਵਿਚ ਕਾਨਫਰੰਸ ਦੇ 2 ਹੋਰ ਅਧਿਕਾਰੀ ਅਤੇ ਨਾਬਾਲਗਾਂ ਦੀ ਸੁਰੱਖਿਆ ਲਈ ਬਣੇ ਪੋਂਟੀਫਿਕਲ ਕਮੀਸ਼ਨ ਦੇ ਮੁਖੀ ਕਾਰਡੀਨਲ ਸੀਨ ਓ ਮੈਲੀ ਵੀ ਸ਼ਾਮਲ ਹੋਣਗੇ। ਗੌਰਤਲਬ ਹੈ ਕਿ ਆਰਚਬਿਸ਼ਪ ਕਾਰਲੋ ਮਾਰੀਆ ਵਿਗਾਨੋ ਨੇ ਬੀਤੇ ਮਹੀਨੇ ਇਹ ਕਹਿ ਕੇ ਖਲਬਲੀ ਮਚਾ ਦਿੱਤੀ ਸੀ ਕਿ ਫ੍ਰਾਂਸਿਸ ਨੇ ਅਮਰੀਕੀ ਕਾਰਡੀਨਲ ਟੀ ਮੈਕਕੈਰਿਕ ਵਿਰੁੱਧ ਯੌਨ ਸ਼ੋਸ਼ਣ ਦੇ ਦੋਸ਼ਾਂ ਨੂੰ ਨਿੱਜੀ ਤੌਰ 'ਤੇ 5 ਸਾਲਾਂ ਤੱਕ  ਅਣਡਿੱਠਾ ਕੀਤਾ। ਇਸ ਦੇ ਨਾਲ ਹੀ ਵਿਗਾਨੋ ਨੇ ਪੋਪ ਨੂੰ ਅਹੁਦੇ ਤੋਂ ਹਟਣ ਦੀ ਮੰਗ ਕੀਤੀ। ਵਿਗਾਨੋ ਵਾਸ਼ਿੰਗਟਨ ਵਿਚ ਵੈਟੀਕਨ ਦੇ ਰਾਜਦੂਤ ਰਹਿ ਚੁੱਕੇ ਹਨ। ਉੱਥੇ ਪੋਪ ਫ੍ਰਾਂਸਿਸ ਨੇ ਦੋਸ਼ਾਂ 'ਤੇ ਹੁਣ ਤੱਕ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ। ਵੈਟੀਕਨ ਨੇ ਵੀਰਵਾਰ ਨੂੰ ਹੋਣ ਵਾਲੀ ਬੈਠਕ ਦਾ ਵੇਰਵਾ ਨਹੀਂ ਦਿੱਤਾ ਪਰ ਡਿਨਾਰਡੋ ਨੇ 27 ਅਗਸਤ ਨੂੰ ਕਿਹਾ ਸੀ ਕਿ ਵਿਗਾਨੋ ਵੱਲੋਂ ਚੁੱਕੇ ਗਏ ਪ੍ਰਸ਼ਨਾਂ ਦਾ ਨਿਰਣਾਇਕ ਅਤੇ ਸਬੂਤਾਂ 'ਤੇ ਆਧਾਰਿਤ ਜਵਾਬ ਜ਼ਰੂਰੀ ਹੈ।


Related News