ਅਗਲੇ 30 ਸਾਲਾਂ ''ਚ ਇਸ ਤਰ੍ਹਾਂ ਬਦਲ ਜਾਵੇਗਾ ਵੈਨਕੂਵਰ ਦਾ ਮੌਸਮ, ਪਵੇਗੀ ਵਧੇਰੇ ਗਰਮੀ (ਤਸਵੀਰਾਂ)

02/28/2017 5:04:18 PM

ਵੈਨਕੂਵਰ— ਜਲਵਾਯੂ ਪਰਿਵਰਤਨ ਦੇ ਨਤੀਜੇ ਹੌਲੀ-ਹੌਲੀ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਸੰਸਾਰ ਵਿਚ ਕਈ ਥਾਵਾਂ ਵਿਚ ਮੌਸਮ ਵਿਚ ਤਬਦੀਲੀ ਦੇਖੀ ਜਾ ਰਹੀ ਹੈ। ਕਈ ਥਾਵਾਂ ਦਾ ਤਾਪਮਾਨ ਪਹਿਲਾਂ ਨਾਲੋਂ ਜ਼ਿਆਦਾ ਹੋ ਗਿਆ ਹੈ। ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਮੈਟਰੋ ਵੈਨਕੂਵਰ ਵਿਚ ਅਗਲੇ 30 ਸਾਲਾਂ ਵਿਚ ਗਰਮੀ ਵਧੇਰੇ ਪਵੇਗੀ। ਸਤੰਬਰ 2016 ਦੀਆਂ ਦੀਆਂ ਮੌਸਮ ਸੰਬੰਧੀ ਭਵਿੱਖਬਾਣੀਆਂ ਵਿਚ ਮੈਟਰੋ ਵੈਨਕੂਵਰ ਲਈ ਜੋ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ, ਉਨ੍ਹਾਂ ਨੇ ਇੱਥੋਂ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸਾਲ 2050 ਤੱਕ ਇੱਥੇ ਮੌਸਮ ਵਿਚ ਹੇਠ ਲਿਖੀਆਂ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ—
 
1. ਸਾਲ 2050 ਤੱਕ ਮੈਟਰੋ ਵੈਨਕੂਵਰ ਦੇ ਸਾਰੇ ਮੌਸਮਾਂ ''ਚ ਤਾਪਮਾਨ ਵਿਚ ਵਾਧਾ ਦੇਖਣ ਨੂੰ ਮਿਲੇਗਾ। ਖਾਸ ਤੌਰ ''ਤੇ ਗਰਮੀਆਂ ਦਾ ਮੌਸਮ ਪਹਿਲਾਂ ਨਾਲੋਂ ਹੋਰ ਜ਼ਿਆਦਾ ਗਰਮ ਹੋਵੇਗਾ। ਸਾਲ 2050 ਤੱਕ ਗਰਮੀਆਂ ਵਿਚ ਦਿਨ ਦਾ ਤਾਪਮਾਨ 24.7 ਡਿਗਰੀ ਸੈਲਸੀਅਸ ਜਦੋਂ ਸਾਲ 2080 ਵਿਚ ਵਿਚ ਇਹ ਤਾਪਮਾਨ 27 ਡਿਗਰੀ ਸੈਲਸੀਅਸ ਤੱਕ ਵਧ ਜਾਵੇਗਾ, ਜਦੋਂ ਕਿ ਹੁਣ ਇਹ ਤਾਪਮਾਨ ਵਧ ਤੋਂ ਵਧ 21 ਡਿਗਰੀ ਸੈਲਸੀਅਸ ਤੱਕ ਰਹਿੰਦਾ ਹੈ। ਇਸੇ ਤਰ੍ਹਾਂ ਕਿ ਸਰਦੀਆਂ ਵਿਚ ਰਾਤ ਦਾ ਘੱਟ ਤੋਂ ਘੱਟ ਤਾਪਮਾਨ ਮਨਫੀ 13 ਡਿਗਰੀ ਤੋਂ ਵਧ ਕੇ ਮਨਫੀ 5 ਡਿਗਰੀ ਰਹਿ ਜਾਵੇਗਾ। 
 
2. ਸਾਲ 2050 ਤੱਕ ਮੈਟਰੋ ਵੈਨਕੂਵਰ ਵਿਚ ਤਕਰੀਬਨ ਗਰਮੀ ਅਤੇ ਮੀਂਹ ਵਾਲਾ ਮੌਸਮ ਰਹਿ ਸਕਦਾ ਹੈ। ਸਰਦੀਆਂ ਅਤੇ ਬਸੰਤ ਵਿਚ ਜ਼ਿਆਦਾ ਮੀਂਹ ਪਿਆ ਕਰੇਗਾ ਜਦੋਂ ਕਿ ਗਰਮੀਆਂ ਲਗਭਗ ਸੁੱਕੀਆਂ ਰਹਿਣਗੀਆਂ। ਭਾਰੀ ਮੀਂਹ ਪੈਣ ਕਾਰਨ ਹੜ੍ਹਾਂ, ਜ਼ਮੀਨ ਖਿਸਕਣ ਦਾ ਖਤਰਾ ਵੀ ਵਧ ਸਕਦਾ ਹੈ। 
 
3. ਬਦਲੇ ਹੋਏ ਮੌਸਮ ਦਾ ਸਭ ਤੋਂ ਜ਼ਿਆਦਾ ਅਸਰ ਖੇਤੀਬਾੜੀ ''ਤੇ ਦੇਖਣ ਨੂੰ ਮਿਲੇਗਾ। 2080 ਤੱਕ ਕਿਸਾਨ 357 ਦਿਨ ਖੇਤੀਬਾੜੀ ਕਰ ਸਕਣਗੇ। ਇਸ ਦਾ ਮਤਲਬ ਕਿਸਾਨ ਪਹਿਲਾਂ ਨਾਲੋਂ ਜ਼ਿਆਦਾ ਅਤੇ ਵੱਖ-ਵੱਖ ਫਸਲਾਂ ਦਾ ਉਤਪਾਦਨ ਕਰ ਸਕਣਗੇ। 
 
4. ਗਰਮੀ ਵਧਣ ਕਾਰਨ ਮੈਟਰੋ ਵੈਨਕੂਵਰ ਦੇ ਜੰਗਲਾਂ ਵਿਚ ਅੱਗ ਲੱਗਣ ਦਾ ਖਤਰਾ ਵਧ ਜਾਵੇਗਾ। ਇਸ ਦੇ ਨਾਲ ਹੀ ਦਰੱਖਤਾਂ ਅਤੇ ਪੌਦਿਆਂ ਦੇ ਛੇਤੀ ਖਤਮ ਹੋਣ, ਪਾਣੀ ਦੀ ਕਮੀ ਕਰਕੇ ਜੰਗਲੀ ਜਾਨਵਰਾਂ ਲਈ ਭੋਜਨ ਦੀ ਕਮੀ ਹੋ ਜਾਵੇਗੀ। ਤਲਾਬਾਂ ਅਤੇ ਨਹਿਰਾਂ ਦੇ ਪਾਣੀ ਦੇ ਗਰਮ ਹੋਣ ਕਾਰਨ ਪਾਣੀ ਵਿਚ ਪੈਦਾ ਹੋਣ ਵਾਲੇ ਜੀਵਾਂ ਲਈ ਵੀ ਖਤਰਾ ਪੈਦਾ ਹੋਵੇਗਾ। 
ਇਸ ਰਿਪੋਰਟ ਦੇ ਮੁਤਾਬਕ ਘਰਾਂ ਅਤੇ ਇਮਾਰਤਾਂ ਦੇ ਡਿਜ਼ਾਈਨ ਬਣਾਉਣ ਵਾਲੇ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਨ੍ਹਾਂ ਹਾਲਾਤ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਘਰਾਂ ਦਾ ਨਿਰਮਾਣ ਕਰਨ।

Kulvinder Mahi

This news is News Editor Kulvinder Mahi