ਟੋਰਾਂਟੋ ਵੈਨ ਹਾਦਸਾ : ਟਰੂਡੋ ਸਮੇਤ ਇਨ੍ਹਾਂ ਮੰਤਰੀਆਂ ਨੇ ਟਵੀਟ ਕਰਕੇ ਦੁੱਖ ਕੀਤਾ ਸਾਂਝਾ

04/24/2018 1:57:19 PM

ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਸੋਮਵਾਰ ਦੀ ਦੁਪਹਿਰ ਨੂੰ ਇਕ ਚਿੱਟੇ ਰੰਗ ਦੀ ਵੈਨ ਨੇ ਪੈਦਲ ਜਾ ਰਹੇ ਲੋਕਾਂ ਨੂੰ ਕੁਚਲ ਦਿੱਤਾ। ਟੋਰਾਂਟੋ ਪੁਲਸ ਨੇ ਦੱਸਿਆ ਕਿ ਇਹ ਘਟਨਾ ਫਿੰਚ ਐਵੇਨਿਊ ਦੇ ਨੇੜੇ ਯੋਂਗ ਸਟਰੀਟ 'ਤੇ ਵਾਪਰੀ, ਜਿੱਥੇ ਵੈਨ ਕੰਟਰੋਲ ਤੋਂ ਬਾਹਰ ਹੋ ਕੇ ਫੁੱਟਪਾਥ 'ਤੇ ਚੜ੍ਹ ਗਈ, ਜਿਸ ਕਾਰਨ 10 ਪੈਦਲ ਯਾਤਰੀਆਂ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਦਾ ਨੇੜਲੇ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੋਸ਼ੀ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਹੈ। ਦੋਸ਼ੀ ਦੀ ਪਛਾਣ ਐਲੇਕ ਮਿਨਾਸਿਅਨ ਵਜੋਂ ਕੀਤੀ ਗਈ ਹੈ।


ਇਸ ਘਟਨਾ ਨੇ ਲੋਕਾਂ ਨੂੰ ਡਰਾ ਦਿੱਤਾ ਹੈ ਅਤੇ ਹਰ ਕੋਈ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਇਸ ਦਰਦਨਾਕ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਅਸੀਂ ਪੀੜਤਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਸਥਿਤੀ ਨੂੰ ਸੰਭਾਲਣ ਵਾਲਿਆਂ ਦਾ ਧੰਨਵਾਦ ਕਰਦੇ ਹਾਂ। ਟਰੂਡੋ ਨੇ ਕਿਹਾ ਇਹ ਘਟਨਾ ਦੇਸ਼ ਦੇ ਇਤਿਹਾਸ 'ਚ ਸਭ ਤੋਂ ਹਿੰਸਕ, ਦੁਖਦ ਅਤੇ ਮੂਰਖਤਾ ਵਾਲੀ ਹੈ। ਉਨ੍ਹਾਂ ਕਿਹਾ,'' ਅਸੀਂ ਸਾਰੇ ਆਪਣੇ ਸ਼ਹਿਰਾਂ ਅਤੇ ਜਨਤਕ ਸਥਾਨਾਂ 'ਤੇ ਚੱਲਦੇ ਹੋਏ ਸੁਰੱਖਿਅਤ ਰਹਿਣੇ ਚਾਹੀਦੇ ਹਾਂ।''

ਐੱਮ.ਪੀ. ਰੂਬੀ ਸਹੋਤਾ, ਰੱਖਿਆ ਮੰਤਰੀ ਹਰਜੀਤ ਸੱਜਣ, ਮੰਤਰੀ ਨਵਦੀਪ ਬੈਂਸ, ਐੱਮ.ਪੀ. ਦਰਸ਼ਨ ਕੰਗ, ਐੱਮ.ਪੀ. ਬੋਬ ਸਰੋਆ, ਐੱਮ.ਪੀ. ਜਤੀ ਸਿੱਧੂ, ਐੱਮ.ਪੀ. ਸੋਨੀਆ ਸਿੱਧੂ, ਮੰਤਰੀ ਅਮਰਜੀਤ ਸੋਹੀ ਸਮੇਤ ਹੋਰ ਵੀ ਕਈ ਪੰਜਾਬੀ ਸਿਆਸਤਦਾਨਾਂ ਨੇ ਇਸ ਘਟਨਾ 'ਤੇ ਅਫਸੋਸ ਕੀਤਾ ਹੈ ਅਤੇ ਕਿਹਾ ਕਿ ਇਸ ਮੰਦਭਾਗੀ ਘਟਨਾ ਕਾਰਨ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹਨ। ਉਨ੍ਹਾਂ ਕਿਹਾ ਕਿ ਉਹ ਪ੍ਰਾਰਥਨਾ ਕਰਦੇ ਹਨ ਕਿ ਜ਼ਖਮੀ ਜਲਦੀ ਠੀਕ ਹੋ ਜਾਣ। ਉਨ੍ਹਾਂ ਟੋਰਾਂਟੋ ਪੁਲਸ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਮੌਕੇ 'ਤੇ ਕਾਰਵਾਈ ਕਰਕੇ ਜ਼ਰੂਰੀ ਕਦਮ ਚੁੱਕੇ।


ਮੰਤਰੀ ਅਮਰਜੀਤ ਸੋਹੀ ਨੇ ਕਿਹਾ ਕਿ ਅਧਿਕਾਰੀ ਕੋਸ਼ਿਸ਼ਾਂ ਕਰ ਰਹੇ ਹਨ ਕਿ ਕੰਮ ਅਤੇ ਸਕੂਲ 'ਤੇ ਜਾਣ ਵਾਲਿਆਂ ਨੂੰ ਦੇਰ ਨਾ ਹੋਵੇ।

ਡਿਪਟੀ ਪੁਲਸ ਚੀਫ ਪੀਟਰ ਯੂਏਨ ਨੇ ਸੋਮਵਾਰ ਦੁਪਹਿਰ ਨੂੰ ਦੱਸਿਆ ਕਿ ਪੁਲਸ ਨੂੰ 1:30 ਵਜੇ ਕਈ ਫੋਨ ਆਏ ਅਤੇ ਦੱਸਿਆ ਗਿਆ ਕਿ ਇੱਕ ਗੱਡੀ ਯੰਗ ਸਟਰੀਟ ਉੱਤੇ ਕਈ ਰਾਹਗੀਰਾਂ ਉੱਤੇ ਚੜ੍ਹ ਗਈ ਹੈ । ਯੂਏਨ ਨੇ ਦੱਸਿਆ ਕਿ ਸ਼ੱਕੀ  ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ । 


ਮੌਕੇ ਤੋਂ ਪ੍ਰਾਪਤ ਵੀਡੀਓ ਵਿੱਚ ਲਾਸ਼ਾਂ ਢਕੀਆਂ ਨਜ਼ਰ ਆ ਰਹੀਆਂ ਹਨ, ਟੁੱਟੇ ਹੋਏ ਕੱਚ ਦੇ ਸ਼ੀਸ਼ੇ ਇੱਧਰ-ਉੱਧਰ ਖਿੱਲਰੇ ਪਏ ਹਨ ਤੇ ਚਿੱਟੇ ਰੰਗ ਦੀ ਇੱਕ ਰਾਈਡਰ ਵੈਨ ਵੀ ਹਾਦਸੇ ਵਾਲੀ ਥਾਂ ਉੱਤੇ ਮੌਜੂਦ ਹੈ, ਜਿਸਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਜਾ ਚੁੱਕਿਆ ਹੈ। ਘਟਨਾ ਦੇ ਇਕ ਚਸ਼ਮਦੀਦ ਅਲੀ ਸ਼ੇਖਰ ਨੇ ਦੱਸਿਆ ਕਿ ਵੈਨ ਸਾਈਡਵਾਕ ਉੱਤੇ ਤੇਜ਼ ਰਫਤਾਰ ਨਾਲ ਅੱਗੇ ਵੱਧ ਰਹੀ ਸੀ ਅਤੇ ਅਚਾਨਕ ਹੀ ਵੈਨ ਨੇ ਲੋਕਾਂ ਨੂੰ ਮਿੱਧਣਾ ਸ਼ੁਰੂ ਕਰ ਦਿੱਤਾ। ਵੈਨ ਦੇ ਡਰਾਈਵਰ ਦੇ ਰਾਹ ਵਿੱਚ ਜੋ ਕੁੱਝ ਵੀ ਆ ਰਿਹਾ ਸੀ ਉਹ ਉਸ ਉੱਤੇ ਗੱਡੀ ਚੜ੍ਹਾਈ ਜਾ ਰਿਹਾ ਸੀ।