ਟੋਰਾਂਟੋ 'ਚ ਇਕ ਵੈਨ ਨੇ ਦਰੜੇ ਕਈ ਪੈਦਲ ਯਾਤਰੀ, 9 ਦੀ ਮੌਤ
04/24/2018 3:12:37 AM
ਟੋਰਾਂਟੋ— ਟੋਰਾਂਟੋ ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਇਕ ਚਿੱਟੇ ਰੰਗ ਦੀ ਵੈਨ ਫਿੰਚ ਐਵੇਨਿਊ ਦੇ ਨੇੜੇ ਯੋਂਗ ਸਟ੍ਰੀਟ 'ਤੇ ਕੰਟਰੋਲ ਤੋਂ ਬਾਹਰ ਹੋ ਕੇ ਫੁੱਟਪਾਥ 'ਤੇ ਚੜ ਗਈ, ਜਿਸ ਕਾਰਨ 8 ਤੋਂ 10 ਪੈਦਲ ਯਾਤਰੀ ਉਸ ਦੀ ਲਪੇਟ 'ਚ ਆ ਗਏ, ਜਿਸ ਤੋਂ ਬਾਅਦ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਹੈ। ਲੋਕਲ ਮੀਡੀਆ ਮੁਤਾਬਕ ਇਸ ਘਟਨਾ 'ਚ 9 ਲੋਕਾਂ ਦੀ ਮੌਤ ਹੋ ਗਈ ਹੈ।
ਟੋਰਾਂਟੋ ਪੁਲਸ ਨੇ ਟਵਿਟਰ 'ਤੇ ਲਿਖਿਆ ਕਿ ਜ਼ਖਮੀਆਂ ਨੂੰ ਲੱਗੀਆਂ ਸੱਟਾਂ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ, 8 ਤੋਂ 10 ਰਾਹਗੀਰਾਂ ਦੇ ਕੁਚਲੇ ਜਾਣ ਦਾ ਖਦਸ਼ਾ ਹੈ।
ਇਸ ਤੋਂ ਬਾਅਦ ਕੀਤੇ ਹੋਰ ਟਵੀਟਾਂ 'ਚ ਕਿਹਾ ਗਿਆ ਕਿ ਜ਼ਖਮੀਆਂ ਦੇ ਬਾਰੇ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।
ਪੁਲਸ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਸਥਾਨਕ ਸਮੇਂ ਮੁਤਾਬਕ ਦੁਪਹਿਰੇ 1:27 ਮਿੰਟ 'ਤੇ ਘਟਨਾ ਵਾਲੀ ਥਾਂ 'ਤੇ ਬੁਲਾਇਆ ਗਿਆ ਸੀ। ਹਾਲਾਂ ਕਿ ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਘਟਨਾ ਨੂੰ ਜਾਣਬੁੱਝ ਕੇ ਅੰਜਾਮ ਦਿੱਤਾ ਗਿਆ ਹੈ ਜਾਂ ਨਹੀਂ।
ਸਥਾਨਕ ਮੀਡੀਆ ਨੇ ਦੱਸਿਆ ਕਿ ਵੈਨ ਚਾਲਕ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ, ਜਿਸ ਨੂੰ ਬਾਅਦ 'ਚ ਪੁਲਸ ਨੇ ਹਿਰਾਸਤ 'ਚ ਲੈ ਲਿਆ।
ਇਸ ਸੜਕ ਹਾਦਸੇ 'ਤੇ ਰੱਖਿਆ ਮੰਤਰੀ ਹਰਜੀਤ ਸੱਜਣ ਸਿੰਘ ਨੇ ਟਵੀਟ ਕਰ ਪੀੜਤਾਂ ਪ੍ਰਤੀ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਆਪਣੇ ਟਵੀਟਰ ਅਕਾਊਂਟ 'ਤੇ ਲਿਖਿਆ, 'ਮੈਂ ਹਾਦਸੇ ਦਾ ਸ਼ਿਕਾਰ ਹੋਏ ਪੀੜਤਾਂ ਦੇ ਪਰਿਵਾਰ ਤੇ ਉਨ੍ਹਾਂ ਦੇ ਦੋਸਤਾਂ ਪ੍ਰਤੀ ਹਮਦਰਦੀ ਜਾਹਿਰ ਕਰਦਾ ਹਾਂ। ਮੈਂ ਟੋਰਾਂਟੋ ਪੁਲਸ ਤੇ ਮੌਕੇ 'ਤੇ ਪਹੁੰਚੇ ਬਚਾਅ ਦਲ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਉਥੇ ਪਹੁੰਚ ਕੇ ਲੋਕਾਂ ਦੀ ਸਹਾਇਤਾ ਕੀਤੀ।'
Terrible news out of Toronto this afternoon. My thoughts are with the family and friends of all those affected. Thank you to both the Toronto PD and the first responders for their commitment to keeping the people of the city safe.
— Harjit Sajjan (@HarjitSajjan) April 23, 2018