ਵਿਸਾਖੀ ਸਬੰਧੀ ਵਾਸ਼ਿੰਗਟਨ ਵਿਖੇ ਸਜਾਇਆ ਜਾਵੇਗਾ ਨਗਰ ਕੀਰਤਨ, ਤਿਆਰੀਆਂ ਸ਼ੁਰੂ

03/25/2019 8:44:07 AM

ਮੈਰੀਲੈਂਡ, ( ਰਾਜ ਗੋਗਨਾ )— ਬੀਤੇ ਦਿਨ ਗੁਰੂ ਨਾਨਕ ਫਾਊਂਡੇਸ਼ਨ ਗੁਰੂਘਰ ਦੇ ਲੰਗਰ ਹਾਲ ਵਿੱਚ ਵਿਸਾਖੀ ਮੌਕੇ ਸਲਾਨਾ ਨਗਰ ਕੀਰਤਨ 6  ਅਪ੍ਰੈਲ ਵਾਸ਼ਿੰਗਟਨ ਡੀ. ਸੀ. 'ਚ ਸਜਾਉਣ ਸਬੰਧੀ ਮੀਟਿੰਗ ਕੀਤੀ ਗਈ ਹੈ। ਇਸ ਵਿੱਚ ਨਿਊਯਾਰਕ, ਨਿਊਜਰਸੀ, ਡੈਲਵੇਅਰ, ਪੈਨਸਿਲਵੇਨੀਆ, ਮੈਰੀਲੈਂਡ, ਵਰਜੀਨੀਆ ਅਤੇ ਵਾਸ਼ਿੰਗਟਨ ਡੀ. ਸੀ. ਦੇ ਗੁਰੂ ਘਰਾਂ ਦੇ ਨੁਮਾਉਂਦਿਆਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ 6 ਅਪ੍ਰੈਲ ਦੀ ਨਗਰ ਕੀਰਤਨ ਸਬੰਧੀ ਡਿਊਟੀਆਂ ਵੰਡੀਆਂ ਗਈਆਂ ਤਾਂ ਜੋ ਸਿੱਖਾਂ ਦੀ ਅਹਿਮੀਅਤ ਨੂੰ ਉਭਾਰਨ ਅਤੇ ਪਹਿਚਾਣ ਨੂੰ ਪ੍ਰਚਾਰਨ ਲਈ ਖਾਸ ਸਿੱਧ ਹੋ ਸਕੇ।
ਸਿੰਘ ਸਭਾ ਗੁਰੂਘਰ ਦੇ ਪ੍ਰਬੰਧਕਾਂ ਵਲੋਂ ਲੰਗਰ, ਸਫਾਈ ਅਤੇ ਸੰਗਤਾਂ ਨੂੰ ਵੱਧ ਤੋਂ ਵੱਧ ਬੁਲਾਉਣ ਦੀ ਜ਼ਿੰਮੇਵਾਰੀ ਲਈ, ਦੂਰ ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਬੱਸਾਂ ਰਾਹੀਂ ਸ਼ਮੂਲੀਅਤ ਕਰਨਗੀਆਂ । ਹਰੇਕ ਗੁਰੂਘਰ ਤੇ ਜਥੇਬੰਦੀ ਵਲੋਂ ਆਰਥਿਕ ਮਦਦ ਦੇਣ ਦਾ ਵਾਅਦਾ ਕੀਤਾ । ਇਸ ਮੀਟਿੰਗ ਦਾ ਪ੍ਰਬੰਧ ਅਵਤਾਰ ਸਿੰਘ ਬੜਿੰਗ ਵਲੋਂ ਕੀਤਾ ਗਿਆ ਸੀ।