ਅਮਰੀਕਾ : ਕੈਲੀਫੋਰਨੀਆ ’ਚ ਜੰਗਲੀ ਅੱਗ ਦਾ ਕਹਿਰ ਜਾਰੀ, ਕਈ ਸ਼ਹਿਰਾਂ ਨੂੰ ਕਰ ਰਹੀ ਪ੍ਰਭਾਵਿਤ

08/07/2021 12:48:36 AM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ’ਚ ਲੱਗੀ ਜੰਗਲੀ ਅੱਗ ਦਾ ਕਹਿਰ ਜਾਰੀ ਹੈ ਤੇ ਲਗਾਤਾਰ ਅੱਗੇ ਵਧ ਰਹੀ ਹੈ। ਜੰਗਲਾਂ ’ਚ ਤਬਾਹੀ ਮਚਾਉਣ ਦੇ ਨਾਲ ਹੁਣ ਇਸ ਅੱਗ ਤੋਂ ਸ਼ਹਿਰ ਵੀ ਪ੍ਰਭਾਵਿਤ ਹੋ ਰਹੇ ਹਨ। ਫਾਇਰ ਫਾਈਟਰਜ਼ ਵੱਲੋਂ ਕੈਲੀਫੋਰਨੀਆ ਦੀ ਸਭ ਤੋਂ ਵੱਡੀ ਡਿਕਸੀ ਫਾਇਰ ਨੂੰ ਕਾਬੂ ਕਰਨ ’ਚ ਜੱਦੋ-ਜਹਿਦ ਕੀਤੀ ਜਾ ਰਹੀ ਹੈ, ਜੋ ਹਫ਼ਤਿਆਂ ਤੋਂ ਫੇਦਰ ਰਿਵਰ ਕੈਨੀਅਨ ਕੋਲ ਬਲ਼ ਰਹੀ ਹੈ। ਇਸ ਹਫਤੇ ਦੇ ਸ਼ੁਰੂ ’ਚ ਇਸ ਅੱਗ ਕਰ ਕੇ ਬੁੱਧਵਾਰ ਨੂੰ 48,000 ਏਕੜ ਵਾਧੂ ਰਕਬਾ ਸੜ ਗਿਆ ਅਤੇ ਸ਼ੁੱਕਰਵਾਰ ਸਵੇਰ ਤੱਕ ਕੈਲੀਫੋਰਨੀਆ ਦੀਆਂ ਕਾਉਂਟੀਆਂ ਪਲਮਾਸ, ਤੇਹਾਮਾ ਅਤੇ ਲਸੇਨ ਵੀ ਪ੍ਰਭਾਵਿਤ ਹੋਈਆਂ।

ਇਹ ਵੀ ਪੜ੍ਹੋ : ਅਫਗਾਨਿਸਤਾਨ : ਤਾਲਿਬਾਨ ਨੇ ਸਰਕਾਰੀ ਮੀਡੀਆ ਵਿਭਾਗ ਦੇ ਮੁਖੀ ਦਾ ਕੀਤਾ ਕਤਲ

ਪਲਮਾਸ ਕਾਉਂਟੀ ਦੇ ਸ਼ੈਰਿਫ ਨੇ ਵੀਰਵਾਰ ਰਾਤ ਜਾਣਕਾਰੀ ਦਿੱਤੀ ਕਿ ਅੱਗ ਨੇ ਸੈਕਰਾਮੈਂਟੋ ਤੋਂ ਤਕਰੀਬਨ 150 ਮੀਲ ਉੱਤਰ-ਪੂਰਬ ’ਚ ਗ੍ਰੀਨਵਿਲੇ ਦੇ ਡਾਊਨ ਟਾਊਨ ਇਲਾਕੇ ’ਚ ਤਬਾਹੀ ਮਚਾਉਂਦਿਆਂ 100 ਤੋਂ ਵੱਧ ਘਰ ਅਤੇ ਬਹੁਤ ਸਾਰੇ ਕਾਰੋਬਾਰ ਤਬਾਹ ਕਰ ਦਿੱਤੇ ਹਨ। ਇਸ ਦੇ ਨਾਲ ਹੀ ਸੁਰੱਖਿਆ ਕਾਰਨਾਂ ਕਰਕੇ ਘੱਟੋ-ਘੱਟ 31,000 ਲੋਕਾਂ ਨੂੰ ਘਰਾਂ ’ਚੋਂ ਬਾਹਰ ਕੱਢਿਆ ਗਿਆ ਹੈ। ਇਸ ਵੇਲੇ ਅਮਰੀਕਾ ਤਕਰੀਬਨ 100 ਜੰਗਲੀ ਅੱਗਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਨ੍ਹਾਂ ਦੀ ਬਹੁਗਿਣਤੀ ਉੱਤਰੀ ਕੈਲੀਫੋਰਨੀਆ ਤੋਂ ਪੱਛਮੀ ਮੋਂਟਾਨਾ ਤੱਕ ਫੈਲੀ ਹੋਈ ਹੈ। ਬਹੁਤ ਸਾਰੇ ਇਲਾਕੇ ਅੱਗ ਦੇ ਖਤਰੇ ਦੀਆਂ ਗੰਭੀਰ ਚਿਤਾਵਨੀਆਂ ਦੇ ਅਧੀਨ ਹਨ।

ਕੈਲੀਫੋਰਨੀਆ ਤੋਂ ਕੋਲੋਰਾਡੋ ਤੱਕ 9 ਰਾਜਾਂ ਲਈ ਤੇਜ਼ ਹਵਾਵਾਂ ਦੇ ਕਾਰਨ ਚੇਤਾਵਨੀ ਜਾਰੀ ਕੀਤੀ ਗਈ ਹੈ । ਫਾਇਰ ਵਿਭਾਗ ਅਨੁਸਾਰ ਡਿਕਸੀ ਫਾਇਰ ਹੁਣ ਤੱਕ ਤਕਰੀਬਨ 3,61,812 ਏਕੜ ਤੋਂ ਵੱਧ ਨੁਕਸਾਨ ਕਰ ਚੁੱਕੀ ਹੈ। ਕੈਲ ਫਾਇਰ ਅਨੁਸਾਰ ਸ਼ੁੱਕਰਵਾਰ ਸਵੇਰ ਤੱਕ ਅੱਗ ਲੱਗਣ ਨਾਲ ਇੱਕ ਫਾਇਰ ਫਾਈਟਰ ਅਤੇ ਦੋ ਨਾਗਰਿਕ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਅੱਗ ਕਾਰਨ ਕਈ ਖੇਤਰਾਂ ਦੇ ਤਾਪਮਾਨ ’ਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮਹਿੰਗਾਈ ਨਾਲ ਜੂਝ ਰਹੇ ਇਸ ਦੇਸ਼ ਨੇ ਬਦਲੀ ਕਰੰਸੀ, 10 ਲੱਖ ਦਾ ਨੋਟ ਬਣਿਆ ਸਿਰਫ 1 ਰੁਪਿਆ


Manoj

Content Editor

Related News