US ''ਚ ਤੀਆਂ ਦੇ ਮੇਲੇ ਦੀ ਬਾਨੀ ਭੂਆ ਗੁਰਮੀਤ ਕੌਰ ਛੀਨਾ ਨਹੀਂ ਰਹੇ

01/15/2020 11:44:18 AM

ਯੂਨੀਅਨ ਸਿਟੀ,  (ਰਾਜ ਗੋਗਨਾ)— ਅਮਰੀਕਾ 'ਚ ਤੀਆਂ ਦੇ ਮੇਲੇ ਦੀ ਬਾਨੀ ਭੂਆ ਗੁਰਮੀਤ ਕੌਰ ਛੀਨਾ (70) ਲੰਘੇ ਐਤਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਇਸ ਫਾਨੀ ਸੰਸਾਰ ਨੂੰ ਸਦੀਵੀ ਅਲਵਿਦਾ ਆਖ ਗਏ। ਪੰਜਾਬੀ ਭਾਈਚਾਰੇ 'ਚ ਉਨ੍ਹਾਂ ਦਾ ਖਾਸ ਅਸਰ ਰਸੂਖ ਸੀ ਅਤੇ ਆਪਣੀ ਸਮਰੱਥਾ ਤੋਂ ਬਾਹਰ ਜਾ ਕੇ ਵੀ ਉਨ੍ਹਾਂ ਹਮੇਸ਼ਾ ਹਰ ਕਿਸੇ ਦੇ ਕੰਮ ਆਉਣ ਦੀ ਕੋਸ਼ਿਸ਼ ਕੀਤੀ। ਤਕਰੀਬਨ ਦੋ ਦਹਾਕੇ ਪਹਿਲਾਂ ਉਨ੍ਹਾਂ ਨੇ ਅਮਰੀਕਾ ਦੀ ਧਰਤੀ 'ਤੇ ਪੰਜਾਬਣਾਂ ਦੇ ਸਾਉਣ ਮਹੀਨੇ ਦੇ ਤਿਓਹਾਰ ਤੀਆਂ ਦੀ ਸ਼ੁਰੂਆਤ ਕੀਤੀ ਅਤੇ ਇਸ ਤੋਂ ਉਪਰੰਤ ਹੀ ਤੀਆਂ ਦੇ ਮੇਲੇ ਵੱਖ-ਵੱਖ ਸ਼ਹਿਰਾਂ ਵਿਚ ਲੱਗਣੇ ਸ਼ੁਰੂ ਹੋਏ।

ਪੰਜਬਾਣਾਂ 'ਚ ਖਾਸ ਤੌਰ 'ਤੇ ਭੂਆ ਛੀਨਾ ਦੇ ਚਲੇ ਜਾਣ ਕਾਰਨ ਡੂੰਘਾ ਮਾਤਮ ਅਤੇ ਚਿਹਰਿਆਂ 'ਤੇ ਉਦਾਸੀ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਦਿਲ ਦਾ ਦੌਰਾ ਵੀਰਵਾਰ ਨੂੰ ਪਿਆ ਅਤੇ ਸ਼ਨੀਵਾਰ ਨੂੰ ਹੋਏ ਸਟਰੋਕ ਦੇ ਅਟੈਕ ਨਾਲ ਸਵਾਸਾਂ ਦੀ ਪੂੰਜੀ ਮੁੱਕ ਗਈ। ਜਿਸ ਸਮੇਂ ਉਨ੍ਹਾਂ ਨੇ ਅੰਤਿਮ ਸਾਹ ਲਿਆ ਕਰੀਬ ਸੌ ਤੋਂ ਵੱਧ ਕੈਲੀਫੋਰਨੀਆਂ ਦੀਆਂ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਸਖਸ਼ੀਅਤਾਂ ਹਾਜ਼ਰ ਸਨ ਤੇ ਹਰ ਅੱਖ ਅੱਥਰੂਆਂ ਨਾਲ ਸਿੱਲੀ ਸੀ। ਭੂਆ ਨੂੰ ਮਿਲਣ, ਜਾਨਣ ਅਤੇ ਤੇਹ ਕਰਨ ਵਾਲੇ ਲੋਕਾਂ ਦੇ ਮਨਾਂ 'ਚੋਂ ਉਨ੍ਹਾਂ ਦਾ ਅਕਸਰ ਕਿਹਾ ਜਾਣਾ ਵਾਲਾ ਇਕ ਸ਼ਬਦ 'ਪੁੱਤੂ' ਕਦੇ ਨਹੀਂ ਭੁੱਲੇਗਾ ਉਹ ਅਕਸਰ ਹੀ ਇਸ ਸ਼ਬਦ ਨਾਲ ਸੰਬੋਧਿਤ ਹੁੰਦੀ ਸੀ।

ਬੇਏਰੀਆ ਵਿਚ ਪਿਛਲੇ ਕੁਝ ਸਾਲਾਂ ਤੋਂ ਉਹ 'ਝਾਂਜਰ ਦੀ ਛਣਕਾਰ' ਹੇਠ ਤੀਆਂ ਦੇ ਮੇਲੇ ਨੂੰ ਵੱਡੀ ਪੱਧਰ 'ਤੇ ਮਨਾ ਰਹੇ ਸਨ ਤੇ ਇਸ ਵਾਰ ਹਰ ਤੀਆਂ ਦੇ ਮੇਲੇ 'ਚ ਭੂਆ ਛੀਨਾ ਦਾ ਪਿਆ ਘਾਟਾ ਛੇਤੇ ਆਵੇਗਾ। ਅੰਮ੍ਰਿਤਸਰ ਨਾਲ ਸਬੰਧਿਤ ਭੂਆ ਪਿਛਲੇ ਤਿੰਨ ਦਹਾਕਿਆਂ ਤੋਂ ਬੇਏਰੀਆ ਵਿਚ ਰਹਿ ਰਹੇ ਸਨ ਤੇ ਉਨ੍ਹਾਂ ਨੇ ਗ੍ਰਹਿਸਤੀ ਜੀਵਨ ਵਿਚ ਪ੍ਰਵੇਸ਼ ਹੀ ਨਹੀਂ ਕੀਤਾ ਤੇ ਹਰ ਪੰਜਾਬੀ ਦੀ ਉਹ ਸੱਚੀਂ ਮੁੱਚੀ ਹੀ ਭੂਆ ਸੀ। ਜਾਗਰੂਕ ਖਿਆਲਾਂ ਵਾਲੀ ਗੁਰਮੀਤ ਕੌਰ ਛੀਨਾ ਸਿੱਖ ਸੰਸਥਾਵਾਂ ਗੁਰੂਘਰਾਂ, ਸੱਭਿਆਚਾਰਕ ਹਲਕਿਆਂ, ਸੰਗੀਤ ਤੇ ਸਮਾਜਿਕ ਸਮਾਗਮਾਂ ਵਿਚ ਅਕਸਰ ਹਾਜ਼ਰ ਹੁੰਦੀ ਸੀ ਤੇ ਉਹ ਆਪ ਵੀ ਇਕ ਵਧੀਆ ਅਦਾਕਾਰਾ ਤੇ ਗਿੱਧਿਆਂ ਦੀ ਮੁਹਾਰਤ ਰੱਖਣ ਵਾਲੀ ਮੁਕੰਮਲ ਔਰਤ ਸੀ। ਭੂਆ ਛੀਨਾ ਦਾ ਅੰਤਿਮ ਸਸਕਾਰ 19 ਜਨਵਰੀ ਦਿਨ ਐਤਵਾਰ ਨੂੰ 10:30 ਤੋਂ 12:30 ਵਜੇ ਤੱਕ ਹੋਵੇਗਾ ਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਹੋਵੇਗੀ।


Related News