ਅਮਰੀਕਾ : ਸ੍ਰੀ ਗੁਰੂ ਨਾਨਕ ਦੇਵ ਜੀ ''ਤੇ ਡਾਕੂਮੈਂਟਰੀ ਲਈ ਸਿੱਖਾਂ ਨੇ ਜੋੜੇ ਇਕ ਲੱਖ ਡਾਲਰ

05/22/2019 12:14:44 PM

ਹਿਊਸਟਨ, (ਰਾਜ ਗੋਗਨਾ)— ਬੀਤੇ ਦਿਨ 125 ਤੋਂ ਵੱਧ ਸਿੱਖ ਭਾਈਚਾਰੇ ਦੇ ਮੈਂਬਰ 'ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਦਸਤਾਵੇਜ਼ੀ ਫ਼ਿਲਮ' ਦੇ ਸਮਰਥਨ ਲਈ ਇਕੱਠੇ ਹੋਏ ਅਤੇ ਇਸ ਪ੍ਰੋਜੈਕਟ ਲਈ ਉਨ੍ਹਾਂ ਨੇ 100,000 ਡਾਲਰ ਦੇ ਫੰਡ ਇਕੱਠੇ ਕੀਤੇ। ਹਿਊਸਟਨ ਦੇ ਸਾਰੇ ਪੰਜ ਮੁੱਖ ਗੁਰਦੁਆਰਿਆਂ ਨੇ ਇਸ ਪਹਿਲ ਕਦਮੀ ਨਾਲ ਆਪਣੀ ਸਾਂਝੀ ਏਕਤਾ ਦਿਖਾਈ। ਸਿੱਖ ਸੈਂਟਰ ਦੇ ਡਾ. ਕੰਵਲਜੀਤ ਸਿੰਘ ਨੇ ਇਸ ਮੌਕੇ ਹਾਜ਼ਰ ਲੋਕਾਂ ਦਾ ਸਵਾਗਤ ਕੀਤਾ। ਨੈਸ਼ਨਲ ਸਿੱਖ ਕੰਪੇਨ ਦੇ ਸਹਿ-ਸੰਸਥਾਪਕ ਅਤੇ ਸੀਨੀਅਰ ਸਲਾਹਕਾਰ ਡਾ. ਰਾਜਵੰਤ ਸਿੰਘ ਨੇ ਕਿਹਾ, “ਇਹ ਅਮਰੀਕਾ ਦੇ ਇਸ ਦੱਖਣੀ ਸ਼ਹਿਰ ਵਿੱਚ ਸਿੱਖਾਂ ਦੀ ਏਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਹੈ। ਹਰੇਕ ਸਿੱਖ ਚਾਹੁੰਦਾ ਹੈ ਕਿ ਦੁਨੀਆ ਵਿੱਚ ਵਧ ਤੋਂ ਵੱਧ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਪਤਾ ਲੱਗੇ।ਉਨ੍ਹਾਂ ਨੇ ਕਿਹਾ, “ਜ਼ਿਆਦਾਤਰ ਅਮਰੀਕੀਆਂ ਨੇ ਕਦੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਵੀ ਨਹੀਂ ਸੁਣਿਆ। ਇਸ ਲਈ ਇਹ ਉੁਪਰਾਲਾ ਚੰਗਾ ਸਿੱਧ ਹੋਵੇਗਾ।

ਸ਼ੂਗਰਲੈਂਡ ਦੇ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਡਾ. ਪਾਲ ਲਿਖਾਰੀ ਨੇ ਕਿਹਾ, “ਦੁਨੀਆਂ ਭਰ 'ਚ ਸਿੱਖ ਇਸ ਪ੍ਰਾਜੈਕਟ ਲਈ ਉਤਸ਼ਾਹਿਤ ਹਨ। ਅਸੀਂ ਮਹਿਸੂਸ ਕੀਤਾ ਕਿ ਇਹ ਸੱਚਮੁੱਚ ਸਾਡੇ ਭਾਈਚਾਰੇ ਲਈ ਇੱਕ ਦੂਰਅੰਦੇਸ਼ੀ ਢੁਕਵਾਂ ਪ੍ਰਾਜੈਕਟ ਹੈ। “ਸਿੱਖ ਨੈਸ਼ਨਲ ਸੈਂਟਰ ਆਫ ਹਿਊਸਟਨ ਦੇ ਸਹਿ-ਸੰਸਥਾਪਕ ਡਾ. ਹਰਦਮ ਸਿੰਘ ਅਜ਼ਾਦ ਨੇ ਕਿਹਾ, “ਸਾਡੇ ਸਾਰਿਆਂ ਲਈ ਇਹ ਜ਼ਰੂਰੀ ਹੈ ਕਿ ਅਸੀਂ 550ਵੇਂ ਜਨਮ ਦਿਹਾੜੇ ਦੇ ਇਸ ਮੌਕੇ 'ਤੇ ਵਿਸ਼ਵ ਪੱਧਰੀ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜਾਣਕਾਰੀ ਵਧਾਈਏ।

ਡਾ. ਕੰਵਲਜੀਤ ਸਿੰਘ ਨੇ ਕਿਹਾ,“ਇਹ ਇੱਕ ਸ਼ਾਨਦਾਰ ਗੱਲ ਸੀ ਕਿ ਸ਼ਹਿਰ ਦੇ ਸਾਰੇ ਮੋਹਰੀ ਸਿੱਖ ਇਸ ਪ੍ਰਾਜੈਕਟ ਦਾ ਸਮਰਥਨ ਕਰਨ ਆਏ।'' ਜਸਮੀਤਾ ਸਿੰਘ ਨੇ ਪ੍ਰੋਗਰਾਮ ਦੀ ਅਗਵਾਈ ਕੀਤੀ ਅਤੇ ਕਿਹਾ ਕਿ “ਸਾਡੀ ਨੌਜਵਾਨ ਪੀੜ੍ਹੀ ਲਈ ਭਾਈਚਾਰੇ ਦਾ ਸਮਰਥਨ ਕਰਨਾ ਬਹੁਤ ਮਹੱਤਵਪੂਰਨ ਹੈ ਅਤੇ ਇਸ ਦਸਤਾਵੇਜ਼ੀ ਫਿਲਮ ਰਾਹੀਂ ਸਾਡੇ ਬੱਚੇ ਸਿੱਖਾਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਫਲ ਹੋਣਗੇ। ਸ੍ਰੀ ਗੁਰੂ ਤੇਗ ਬਹਾਦੁਰ ਗੁਰਦੁਆਰਾ ਸਾਹਿਬ ਦੇ ਹਰਦਿਆਲ ਸਿੰਘ ਮਾਂਗਟ ਨੇ ਇਸ ਸਮਾਗਮ ਲਈ ਆਪਣੇ ਬੈਂਕੂਐਟ ਹਾਲ ਮੁਹੱਈਆ ਕੀਤਾ।