ਅਮਰੀਕੀ ਵਿਗਿਆਨੀਆਂ ਦਾ ਦਾਅਵਾ, Remdesivir ਕੋਰੋਨਾ ਮਰੀਜ਼ਾਂ ''ਤੇ ਕਰ ਰਹੀ ਜਾਦੁਈ ਅਸਰ

04/30/2020 7:09:23 PM

ਵਾਸ਼ਿੰਗਟਨ (ਬਿਊਰੋ): ਜਾਨਲੇਵਾ ਕੋਵਿਡ-19 ਮਹਾਮਾਰੀ ਨਾਲ ਦੁਨੀਆ ਭਰ ਵਿਚ ਲੱਖਾਂ ਲੋਕ ਮਾਰੇ ਗਏ ਹਨ। ਸਾਵਧਾਨੀ ਦੇ ਤਹਿਤ 4 ਅਰਬ ਦੀ ਆਬਾਦੀ ਲਾਕਡਾਊਨ ਦੀ ਸਥਿਤੀ ਵਿਚ ਹੈ। ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਸਾਬਤ ਹੋ ਰਹੀਆਂ ਹਨ। ਇਸ ਸਭ ਦੇ ਵਿਚ ਕੋਰੋਨਾਵਾਇਰਸ ਨਾਲ ਜੂਝ ਰਹੀ ਦੁਨੀਆ ਲਈ ਚੰਗੀ ਖਬਰ ਹੈ। ਅਮਰੀਕੀ ਵਿਗਿਆਨੀਆਂ ਨੇ ਕਿਹਾ ਹੈ ਕਿ ਇਬੋਲਾ ਦੇ ਖਾਤਮੇ ਲਈ ਤਿਆਰ ਕੀਤੀ ਗਈ ਦਵਾਈ ਰੇਮਡੇਸਿਵਿਰ (Remdesivir) ਕੋਰੋਨਾਵਾਇਰਸ ਦੇ ਮਰੀਜ਼ਾਂ 'ਤੇ ਜਾਦੁਈ ਅਸਰ ਕਰ ਰਹੀ ਹੈ। ਅਮਰੀਕੀ ਵਿਗਿਆਨੀਆਂ ਦੇ ਇਸ ਐਲਾਨ ਦੇ ਬਾਅਦ ਹੁਣ ਇਸ ਮਹਾਮਾਰੀ ਨਾਲ ਜੰਗ ਵਿਚ ਦੁਨੀਆ ਭਰ ਵਿਚ ਆਸ ਕਾਫੀ ਵੱਧ ਗਈ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਲਾਹਕਾਰ ਡਾਕਟਰ ਐਨਥਨੀ ਫਾਉਸੀ ਨੇ ਕਿਹਾ,''ਅੰਕੜੇ ਦੱਸਦੇ ਹਨ ਕਿ ਰੇਮਡਿਸਿਵਿਰ ਦਵਾਈ ਨਾਲ ਮਰੀਜ਼ਾਂ ਦੇ ਠੀਕ ਹੋਣ ਦੇ ਸਮੇਂ ਵਿਚ ਬਹੁਤ ਸਪੱਸ਼ਟ, ਪ੍ਰਭਾਵੀ ਅਤੇ ਸਕਰਾਤਮਕ ਪ੍ਰਭਾਵ ਪੈ ਰਿਹਾ ਹੈ।'' ਉਹਨਾਂ ਨੇ ਕਿਹਾ,'' ਰੇਮਡੇਸਿਵਿਰ ਦਵਾਈ ਦਾ ਅਮਰੀਕਾ, ਯੂਰਪ ਅਤੇ ਏਸ਼ੀਆ ਦੇ 68 ਸਥਾਨਾਂ 'ਤੇ 1063 ਲੋਕਾਂ 'ਤੇ ਟ੍ਰਾਇਲ ਕੀਤਾ ਗਿਆ ਹੈ। ਇਸ ਟ੍ਰਾਇਲ ਦੇ ਦੌਰਾਨ ਇਹ ਪਤਾ ਚੱਲਿਆ ਹੈ ਕਿ ਰੇਮਡੇਸਿਵਿਰ ਦਵਾਈ ਇਸ ਵਾਇਰਸ ਨੂੰ ਰੋਕ ਸਕਦੀ ਹੈ।''

ਦਵਾਈ ਨਾਲ ਵਧੀ ਆਸ
ਇਸ ਤੋਂ ਪਹਿਲਾਂ ਰੇਮਡੇਸਿਵਿਰ ਦਵਾਈ ਇਬੋਲਾ ਦੇ ਟ੍ਰਾਇਲ ਦੇ ਦੌਰਾਨ ਫੇਲ ਹੋ ਗਈ ਸੀ। ਇਹ ਨਹੀਂ ਵਿਸ਼ਵ ਸਿਹਤ ਸੰਗਠਨ ਨੇ ਵੀ ਆਪਣੇ ਇਕ ਸੀਮਿਤ ਅਧਿਐਨ ਦੇ ਬਾਅਦ ਕਿਹਾ ਸੀਕਿ ਵੁਹਾਨ ਵਿਚ ਇਸ ਦਵਾਈ ਦਾ ਮਰੀਜ਼ਾਂ 'ਤੇ ਸੀਮਿਤ ਅਸਰ ਪਿਆ ਸੀ। ਵੁਹਾਨ ਤੋਂ ਹੀ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਉੱਧਰ ਰੇਮਡੇਸਿਵਿਰ ਦਵਾਈ 'ਤੇ ਹੋਏ ਇਸ ਤਾਜ਼ਾ ਸ਼ੋਧ 'ਤੇ ਵਿਸ਼ਵ ਸਿਹਤ ਸੰਗਠਨ ਦੇ ਸੀਨੀਅਰ ਅਧਿਕਾਰੀ ਮਾਈਕਲ ਰੇਯਾਨ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਡਾਕਟਰ ਫਾਉਸੀ ਦੇ ਇਸ ਐਲਾਨ ਦੇ ਬਾਅਦ ਪੂਰੀ ਦੁਨੀਆ ਵਿਚ ਆਸ ਜਾਗੀ ਹੈ। ਉਹਨਾਂ ਨੇ ਇਹ ਐਲਾਨ ਅਜਿਰੇ ਸਮੇਂ 'ਤੇ ਕੀਤਾ ਹੈ ਜਦੋਂ ਕੋਰੋਨਾ ਦੇ ਕਹਿਰ ਨਾਲ ਦੁਨੀਆ ਭਰ ਵਿਚ ਲੱਗਭਗ 228,239 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 32 ਲੱਖ ਤੋਂ ਵਧੇਰੇ ਲੋਕ ਇਸ ਮਹਾਮਾਰੀ ਨਾਲ ਇਨਫੈਕਟਿਡ ਹਨ। ਅਮਰੀਕਾ ਇਸ ਵਾਇਰਸ ਦਾ ਗੜ੍ਹ ਬਣ ਚੁੱਕਾ ਹੈ। ਪਿਛਲੇ 24 ਘੰਟਿਆਂ ਵਿਚ ਅਮਰੀਕਾ ਵਿਚ 2502 ਲੋਕਾਂ ਦੀ ਮੌਤ ਹੋਈ ਹੈ। ਐਤਵਾਰ ਅਤੇ ਸੋਮਵਾਰ ਨੂੰ ਮ੍ਰਿਤਕਾਂ ਦੀ ਗਿਣਤੀ ਘੱਟ ਰਹਿਣ ਦੇ ਬਾਅਦ ਪਿਛਲੇ 2 ਦਿਨਾਂ ਤੋਂ ਮਰਨ ਵਾਲਿਆਂ ਦੀ ਗਿਣਤੀ ਵਧੀ ਹੈ। ਦੇਸ਼ ਵਿਚ ਇਸ ਬੀਮਾਰੀ ਨਾਲ ਹੁਣ ਤੱਕ 61,889 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਇਬੋਲਾ ਦੀ ਦਵਾਈ ਦੇ ਰੂਪ 'ਚ ਕੀਤਾ ਗਿਆ ਸੀ ਵਿਕਸਿਤ
ਰੇਮਡੇਸਿਵਿਰ ਦਵਾਈ ਨੂੰ ਇਬੋਲਾ ਦੀ ਦਵਾਈ ਦੇ ਰੂਪ ਵਿਚ ਵਿਕਸਿਤ ਕੀਤਾ ਗਿਆ ਸੀ ਪਰ ਸਮਝਿਆ ਜਾਂਦਾ ਹੈ ਕਿ ਇਸ ਨਾਲ ਹੋਰ ਵੀ ਕਈ ਤਰ੍ਹਾਂ ਦੇ ਵਾਇਰਸ ਮਰ ਸਕਦੇ ਹਨ। ਅਮਰੀਕਾ ਦੇ ਵਾਸ਼ਿੰਗਟਨ ਰਾਜ ਵਿਚ ਕੋਰੋਨਾ ਨਾਲ ਜੰਗ ਜਿੱਤਣ ਵਾਲੀ ਇਕ ਮਹਿਲਾ ਨੇ ਆਪਣਾ ਨਿੱਜੀ ਅਨੁਭਵ ਸ਼ੇਅਰ ਕਰਦਿਆਂ ਦੱਸਿਆ ਸੀ ਕਿ ਦਵਾਈ ਰੇਮਡੇਸਿਵਿਰ ਦੀ ਮਦਦ ਨਾਲ ਉਸ ਦਾ ਪਤੀ ਕੋਰੋਨਾ ਨਾਲ ਠੀਕ ਹੋ ਗਿਆ ਸੀ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਰੇਮਡੇਸਿਵਿਰ ਇਕ ਅਜਿਹੀ ਦਵਾਈ ਹੈ ਜਿਸ ਨਾਲ ਕੋਰੋਨਾ ਦੇ ਖਾਤਮੇ ਦੀ ਸੰਭਾਵਨਾ ਦੇਖੀ ਜਾ ਰਹੀ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਕੋਰੋਨਾਵਾਇਰਸ ਕਾਰਨ ਗੰਭੀਰ ਰੂਪ ਨਾਲ ਬੀਮਾਰ 125 ਲੋਕਾਂ ਨੂੰ ਰੇਮਡੇਸਿਵਿਰ ਦਵਾਈ ਦਿੱਤੀ ਗਈ ਜਿਸ ਨਾਲ 123 ਲੋਕ ਠੀਕ ਹੋ ਗਏ ਸਨ।

ਪੜ੍ਹੋ ਇਹ ਅਹਿਮ ਖਬਰ- ਪਾਕਿ ਫਲਾਈਟ 'ਚ ਨਿਯਮ ਦੀ ਉਲੰਘਣਾ, ਯਾਤਰੀਆਂ ਦਾ ਸਵਾਲ-'ਕੀ ਕੋਰੋਨਾ ਸਿਰਫ ਬਾਹਰ ਹੈ?' (ਵੀਡੀਓ)

ਪੇਟੇਂਟ ਕਰਵਾਉਣਾ ਚਾਹੁੰਦਾ ਸੀ ਚੀਨ
ਚੀਨ ਨੇ ਕੋਰੋਨਾਵਾਇਰਸ ਦੇ ਵਿਰੁੱਧ ਸਭ ਤੋਂ ਕਾਰਗਰ ਮੰਨੀ ਜਾਣ ਵਾਲੀ ਦਵਾਈ ਨੂੰ ਉਦੋਂ ਪੇਟੇਂਟ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਉੱਥੇ ਸਭ ਤੋਂ ਪਹਿਲਾਂ ਇਨਸਾਨਾਂ ਦੇ ਵਿਚ ਇਸ ਦੇ ਫੈਲਣ ਦੀ ਪੁਸ਼ਟੀ ਹੋਈ ਸੀ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ 20 ਜਨਵਰੀ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਇਹ ਵਾਇਰਸ ਇਨਸਾਨਾਂ ਤੋਂ ਇਨਸਾਨਾਂ ਵਿਚ ਫੈਲ ਸਕਦਾ ਹੈ। ਭਾਵੇਂਕਿ ਲੀਕ ਹੋਏ ਕੁਝ ਦਸਤਾਵੇਜ਼ਾਂ ਨਾਲ ਇਹ ਸਾਬਤ ਹੁੰਦਾ ਹੈ ਕਿ ਅਧਿਕਾਰੀਆਂ ਨੂੰ ਇਹ ਪਤਾ ਲੱਗ ਚੁੱਕਾ ਸੀ ਕਿ ਇਹ ਇਕ ਮਹਾਮਾਰੀ ਹੈ ਪਰ ਲੋਕਾਂ ਨੂੰ ਚਿਤਾਵਨੀ 6 ਦਿਨ ਬਾਅਦ ਦਿੱਤੀ ਗਈ। ਇਹੀ ਨਹੀਂ ਇਬੋਲਾ ਨਾਲ ਲੜਨ ਲਈ ਅਮਰੀਕਾ ਦੀ ਬਣਾਈ ਹੋਈ ਰੇਮਡੇਸਿਵਿਰ ਨੂੰ 21 ਜਨਵਰੀ ਨੂੰ ਹੀ ਪੇਟੇਂਟ ਕਰਾਉਣ ਦੀ ਅਰਜ਼ੀ ਦੇ ਦਿੱਤੀ ਗਈ। ਇਹ ਅਰਜ਼ੀ ਵੁਹਾਨ ਦੀ ਵਾਇਰੌਲਜੀ ਲੈਬ ਅਤੇ ਮਿਲਟਰੀ ਮੈਡੀਸਨ ਇੰਸਟੀਚਿਊਟ ਨੇ ਦਿੱਤੀ ਸੀ।

Vandana

This news is Content Editor Vandana