33 ਹਜ਼ਾਰ ਤੋਂ ਵੱਧ ਭਾਰਤੀਆਂ ਨੂੰ 'ਡਿਪੋਰਟ' ਕਰਨ ਦੀ ਤਿਆਰੀ 'ਚ ਅਮਰੀਕਾ

07/25/2020 1:17:51 PM

ਨਿਊਯਾਰਕ, (ਰਾਜ ਗੋਗਨਾ)- ਅਮਰੀਕਾ ਵੱਲੋਂ ਹੁਣ 33,593 ਭਾਰਤੀਆਂ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਥੋਂ ਵਾਪਸ ਭੇਜੇ ਜਾਣ ਵਾਲੇ ਭਾਰਤੀਆਂ ਵਿਚ ਬਹੁਤੇ ਪੰਜਾਬੀ ਹੀ ਹਨ। ਅਮਰੀਕਾ ਪ੍ਰਸ਼ਾਸਨ ਕੋਲੋਂ ਇਹ ਜਾਣਕਾਰੀ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ)ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਵੱਲੋਂ 'ਫਰੀਡਮ ਆਫ਼ ਇਨਫਰਮੇਸ਼ਨ ਐਕਟ' ਤਹਿਤ ਮੰਗੀ ਗਈ ਸੀ। ਇਸ ਜਾਣਕਾਰੀ ਦਾ ਜਵਾਬ ਸਬੰਧਤ ਵਿਭਾਗ ਵੱਲੋਂ ਦਿੱਤਾ ਗਿਆ ਹੈ।

 

ਇਸ ਨਾਲ ਤਿੰਨ ਸਫ਼ਿਆਂ ਦੀ ਉਹ ਸੂਚੀ ਵੀ ਦਿੱਤੀ ਗਈ ਹੈ, ਜਿਨ੍ਹਾਂ ਜੇਲ੍ਹਾਂ ਜਾਂ ਹੋਰ ਕੈਂਪਾਂ ਵਿਚ ਇਨ੍ਹਾਂ ਭਾਰਤੀਆਂ ਨੂੰ ਬੰਦ ਰੱਖਿਆ ਹੋਇਆ ਹੈ। ਅਮਰੀਕੀ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਿਹੜੇ ਭਾਰਤੀਆਂ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਇਨ੍ਹਾਂ ਡਿਪੋਰਟ ਕੀਤੇ ਜਾਣ ਵਾਲੇ ਭਾਰਤੀਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਜਿਹੇ ਭਾਰਤੀ ਮੂਲ ਦੇ ਲੋਕ ਹਨ, ਜਿਹੜੇ ਅਮਰੀਕਾ ਦੀਆਂ ਜੇਲ੍ਹਾਂ ਵਿਚ ਨਜ਼ਰਬੰਦ ਹਨ।ਉਨ੍ਹਾਂ ਬਾਰੇ ਵੀ  6 ਜੂਨ, 2020 ਤੋਂ ਡਿਪੋਰਟ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਇਹ ਜਾਣਕਾਰੀ ਜੁਲਾਈ 2019 ਵਿੱਚ ਮੰਗੀ ਸੀ। 

ਕਾਊਂਟੀ ਡਿਟੈਂਸ਼ਨ ਸੈਂਟਰ ਵਿਚ 121 ਭਾਰਤੀਆਂ ਨੂੰ ਬੰਦ ਕੀਤਾ ਹੋਇਆ ਹੈ, ਜਦ ਕਿ ਜੈਕਸਨ ਪਾਰਿਸ਼ ਕੋਰੈਕਸ਼ਨਲ ਸੈਂਟਰ ਵਿਚ 38, ਕਾਰਨਿਸ ਕਾਊਂਟੀ ਰੈਜ਼ੀਡੈਂਸ਼ਲ ਸੈਂਟਰ ਵਿਚ 41, ਲਾਸਿਲੇ ਕੋਰੈਕਸ਼ਨ ਸੈਂਟਰ ਵਿਚ 40, ਵੀਨ ਇੰਸਟੀਚਿਊਟ ਵਿਚ 66 ਤੇ ਬਾਕੀ ਅਮਰੀਕਾ ਦੀਆਂ ਹੋਰ ਵੱਖ-ਵੱਖ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ਹੈ। ਜਾਣਕਾਰੀ ਅਨੁਸਾਰ ਇਸ ਸੂਚੀ 'ਚ ਉਨ੍ਹਾਂ ਪੰਜਾਬੀਆਂ ਦੀ ਗਿਣਤੀ ਵੀ ਕਾਫ਼ੀ ਦੱਸੀ ਜਾ ਰਹੀ ਹੈ, ਜਿਹੜੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਏ ਸਨ। ਮੈਕਸੀਕੋ ਦੀ ਵੱਡੀ ਸਰਹੱਦ ਅਮਰੀਕਾ ਨਾਲ ਲੱਗਦੀ ਹੈ, ਉਥੋਂ ਵੀ ਆਪਣੀਆਂ ਜ਼ਿੰਦਗੀਆਂ ਦਾਅ 'ਤੇ ਲਾ ਕੇ ਪੰਜਾਬੀ ਸਰਹੱਦ ਪਾਰ ਕਰਦੇ ਹਨ। ਸ. ਚਾਹਲ ਨੇ ਦੱਸਿਆ ਕਿ  ਦਸੂਹਾ-ਮੁਕੇਰੀਆਂ ਇਲਾਕੇ ਦੇ ਤਿੰਨ ਨੌਜਵਾਨ, ਕਪੂਰਥਲਾ ਤੇ ਅੰਮ੍ਰਿਤਸਰ 'ਚੋਂ ਵੀ ਕੁਝ ਨੌਜਵਾਨ ਅਮਰੀਕਾ ਜਾਣ ਲਈ ਰਸਤੇ ਵਿਚ ਹੀ ਕਿਧਰੇ ਲਾਪਤਾ ਹੋ ਗਏ ਸਨ। ਦੋ ਸਾਲ ਬਾਅਦ ਵੀ ਇਨ੍ਹਾਂ ਦੇ ਮਾਪਿਆਂ ਨੂੰ ਆਪਣੇ ਪੁੱਤਾਂ ਦਾ ਅਜੇ ਤੱਕ ਕੋਈ ਥਹੁ ਪਤਾ ਨਹੀਂ ਲੱਗਾ।
 


Lalita Mam

Content Editor

Related News