ਕੋਵਿਡ-19 : ਹਸਪਤਾਲ ਨੇ ਬਣਾਇਆ 11 ਲੱਖ ਡਾਲਰ ਦਾ ਬਿੱਲ, ਮਰੀਜ਼ ਦੇ ਉੱਡੇ ਹੋਸ਼

06/14/2020 6:05:13 PM

ਵਾਸ਼ਿੰਗਟਨ (ਬਿਊਰੋ): ਗਲੋਬਲ ਪੱਧਰ 'ਤੋ ਕੋਵਿਡ-19 ਮਹਾਮਾਰੀ ਦਾ ਕਹਿਰ ਜਾਰੀ ਹੈ। ਇਸ ਦੌਰਾਨ ਅਮਰੀਕਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਅਮਰੀਕਾ ਦੇ ਸੀਏਟਲ ਵਿਚ ਰਹਿਣ ਵਾਲੇ ਮਾਈਕਲ ਫਲੋਰ (70) ਜਦੋਂ 62 ਦਿਨਾਂ ਤੱਕ ਕੋਰੋਨਾਵਾਇਰਸ ਨਾਲ ਲੜਨ ਦੇ ਬਾਅਦ ਸਿਹਤਮੰਦ ਹੋਏ ਤਾਂ ਬਹੁਤ ਖੁਸ਼ ਸਨ। ਮਾਈਕਲ ਨੂੰ ਲੱਗਾ ਕਿ ਉਹਨਾਂ ਦਾ ਮੁਸ਼ਕਲ ਸਮਾਂ ਹੋਣ ਖਤਮ ਹੋ ਗਿਆ ਹੈ ਪਰ ਇਸ ਮਗਰੋਂ ਜੋ ਹੋਇਆ ਉਸ ਬਾਰੇ ਜਾਣ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।ਅਸਲ ਵਿਚ ਹਸਪਤਾਲ ਨੇ ਮਾਈਕਲ ਨੂੰ ਕੋਰੋਨਾਵਾਇਰਸ ਦੇ ਇਲਾਜ ਲਈ 11 ਲੱਖ ਡਾਲਰ ਦਾ ਬਿੱਲ ਫੜਾਇਆ ਸੀ।

3 ਹਜ਼ਾਰ ਚੀਜ਼ਾਂ ਦੀ ਸੂਚੀ
ਮਾਈਕਲ ਨੂੰ ਸਵੀਡਿਸ਼ ਮੈਡੀਕਲ ਸੈਂਟਰ ਨੇ ਇਲਾਜ ਦੇ ਬਾਅਦ ਜਦੋਂ 181 ਸਫਿਆਂ ਦਾ ਬਿੱਲ ਫੜਾਇਆ ਤਾਂ ਉਹਨਾਂ ਦੇ ਹੋਸ਼ ਉੱਡ ਗਏ। ਇਸ ਬਿੱਲ ਵਿਚ ਹਰੇਕ ਦਿਨ ਦੀਆਂ 50 ਚੀਜ਼ਾਂ ਦੇ ਹਿਸਾਬ ਨਾਲ ਕਰੀਬ 3 ਹਜ਼ਾਰ ਚੀਜ਼ਾਂ ਦੀ ਸੂਚੀ ਸੀ। 42 ਦਿਨ ਸਪੈਸ਼ਲ ਆਈਸੋਲੇਸ਼ਨ ਚੈਂਬਰ ਵਾਲੇ ਇੰਟੈਸਿਵ ਕੇਅਰ ਯੂਨਿਟ (ਆਈ.ਸੀ.ਯੂ.) ਲਈ 4 ਲੱਖ 8 ਹਜ਼ਾਰ 91 ਡਾਲਰ ਅਤੇ 29 ਦਿਨ ਵੈਂਟੀਲੇਟਰ ਦੇ ਲਈ 82 ਹਜ਼ਾਰ 215 ਡਾਲਰ ਦਾ ਬਿੱਲ ਬਣਾਇਆ ਗਿਆ।

ਡੇਲੀ ਮੇਲ ਦੀ ਅਖਬਾਰ ਨੇ ਸੀਏਟਲ ਟਾਈਮਜ਼ ਦੇ ਹਵਾਲੇ ਨਾਲ ਲਿਖਿਆ ਹੈ ਕਿ ਇਲਾਜ ਦੇ ਦੌਰਾਨ ਜਦੋਂ ਮਾਈਕਲ ਦਾ ਦਿਲ,ਕਿਡਨੀ ਅਤੇ ਫੇਫੜੇ ਫੇਲ ਹੋਣ ਲੱਗੇ ਸਨ ਅਤੇ ਉਹ ਜ਼ਿੰਦਗੀ ਅਤੇ ਮੌਤ ਦੇ ਵਿਚ ਜੰਗ ਲੜ ਰਹੇ ਸਨ ਉਦੋਂ ਉਹਨਾਂ ਦੀ ਜਾਨ ਬਚਾਉਣ ਲਈ ਹਸਪਤਾਲ ਨੇ ਜਿਹੜੇ ਇਲਾਜ ਕੀਤੇ ਇਕੱਲੇ ਉਹਨਾਂ ਦਾ ਬਿੱਲ 1 ਲੱਖ ਡਾਲਰ ਬਣਿਆ ਹੈ। ਇਸ ਦੇ ਇਲਾਵਾ ਬਿੱਲ ਦੀ ਇਕ-ਚੌਥਾਈ ਕੀਮਤ ਦਵਾਈਆਂ ਦੀ ਹੈ।

ਨਹੀਂ ਚੁਕਾਉਣਾ ਹੋਵੇਗਾ ਬਿੱਲ
ਮਾਈਕਲ ਕੋਲ ਬੀਮਾ ਹੈ ਇਸ ਲਈ ਕਾਂਗਰਸ ਦੇ ਕੋਰੋਨਾ ਕਾਲ ਦੌਰਾਨ ਬਣਾਏ ਗਏ ਵਿਸ਼ੇਸ਼ ਨਿਯਮਾਂ ਦੇ ਮੁਤਾਬਕ ਜ਼ਿਆਦਾਤਰ ਬਿੱਲ ਟੈਕਸਪੇਅਰ ਦੇ ਹਿੱਸੇ ਤੋਂ ਜਾਵੇਗਾ। ਸੀਏਟਲ ਟਾਈਮਜ਼ ਦੇ ਮੁਤਾਬਕ ਕਾਂਗਰਸ ਨੇ 100 ਬਿਲੀਅਨ ਡਾਲਰ ਤੋਂ ਵਧੇਰੇ ਦੀ ਰਾਸ਼ੀ ਹਸਪਤਾਲਾਂ ਅਤੇ ਬੀਮਾ ਕੰਪਨੀਆਂ ਨੂੰ ਮਹਾਮਾਰੀ ਦੇ ਦੌਰਾਨ ਆਰਥਿਕ ਸੰਕਟ ਤੋਂ ਬਚਾਉਣ ਲਈ ਅਲਾਟ ਕੀਤੀ ਹੈ। ਬੀਮਾ ਕੰਪਨੀ ਦੇ ਅਨੁਮਾਨ ਦੇ ਮੁਤਾਬਕ ਕੋਵਿਡ-19 ਦੇ ਇਲਾਜ ਦੀ ਕੀਮਤ 500 ਬਿਲੀਅਨ ਡਾਲਰ ਤੱਕ ਪਹੁੰਚ ਸਕਦੀ ਹੈ ਇਸ ਲਈ ਕਾਂਗਰਸ ਤੋਂ ਹੋਰ ਜ਼ਿਆਦਾ ਰਾਸ਼ੀ ਅਲਾਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਬਣਾਈ ਗਈ ਹਨੂੰਮਾਨ ਦੀ 25 ਫੁੱਟ ਉੱਚੀ ਮੂਰਤੀ

ਕਿਸੇ ਹੋਰ ਨੂੰ ਚੁੱਕਣਾ ਹੋਵੇਗਾ ਖਰਚ
ਮਾਈਕਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਿੱਲ ਦੇਖ ਕੇ ਬਹੁਤ ਬੁਰਾ ਲੱਗਾ ਕਿਉਂਕਿ ਹੁਣ ਕਿਸੇ ਹੋਰ ਨੂੰ ਇਸ ਦਾ ਨੁਕਸਾਨ ਚੁੱਕਣਾ ਪਵੇਗਾ। ਉਹਨਾਂ ਨੇ ਕਿਹਾ,''ਮੈਨੂੰ ਜ਼ਿੰਦਾ ਬਚਣ 'ਤੇ ਬੁਰਾ ਲੱਗ ਰਿਹਾ ਹੈ। ਕੀ ਮੈਨੂੰ ਇਸ ਦਾ ਹੱਕ ਸੀ।'' ਅਮਰੀਕਾ ਦੀ ਸਿਹਤ ਬੀਮਾ ਯੋਜਨਾ ਦੇ ਮੁਤਾਬਕ ਕੋਰੋਨਾਵਾਇਰਸ ਦੇ ਇਲਾਜ ਵਿਚ ਔਸਤਨ 30 ਹਜ਼ਾਰ ਡਾਲਰ ਖਰਚ ਹੁੰਦੇ ਹਨ। 20 ਲੱਖ ਤੋਂ ਵਧੇਰੇ ਅਮਰੀਕੀ ਨਾਗਰਿਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

Vandana

This news is Content Editor Vandana