NSA ਦੇ ਠੇਕੇਦਾਰ ਨੇ ਖੁਫੀਆ ਜਾਣਕਾਰੀ ਰੱਖਣ ਦਾ ਦੋਸ਼ ਕੀਤਾ ਕਬੂਲ

03/29/2019 5:20:39 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਵੱਡੇ ਪੱਧਰ 'ਤੇ ਬਹੁਤ ਗੁਪਤ ਸੂਚਨਾਵਾਂ ਚੋਰੀ ਕਰਨ ਦੇ ਦੋਸ਼ੀ ਇਕ ਸਰਕਾਰੀ ਠੇਕੇਦਾਰ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਨਿਆਂ ਵਿਭਾਗ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਦੱਸਿਆ ਕਿ ਇਸਤਗਾਸਾ ਪੱਖ ਦੇ ਨਾਲ ਇਕ ਸਮਝੌਤੇ ਦੀਆਂ ਸ਼ਰਤਾਂ ਦੇ ਤਹਿਤ ਹੈਰੋਲਡ ਮਾਰਟੀਨ (54) ਨੇ ਇਹ ਸਵੀਕਾਰ ਕੀਤਾ ਕਿ ਉਸ ਨੇ ਰਾਸ਼ਟਰੀ ਸੁਰੱਖਿਆ ਨਾਲ ਜੁੜੀਆਂ ਜਾਣਕਾਰੀਆਂ ਜਾਣਬੁੱਝ ਕੇ ਆਪਣੇ ਕੋਲ ਰੱਖੀਆਂ ਪਰ ਉਸ ਨੇ ਜਾਸੂਸੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। 

ਉਸ ਨੂੰ 19 ਜੁਲਾਈ ਨੂੰ ਹੋਣ ਵਾਲੀ ਅਗਲੀ ਸੁਣਵਾਈ ਵਿਚ 9 ਸਾਲ ਜੇਲ ਦੀ ਸਜ਼ਾ ਹੋ ਸਕਦੀ ਹੈ। ਮਾਰਟੀਨ ਨੂੰ ਐੱਨ.ਐੱਸ.ਏ. ਸਮੇਤ ਕਈ ਫੈਡਰਲ ਏਜੰਸੀਆਂ ਲਈ ਇਕ ਠੇਕੇਦਾਰ ਦੇ ਰੂਪ ਵਿਚ 23 ਸਾਲ ਤੱਕ ਕੰਮ ਕਰਨ ਦੇ ਬਾਅਦ ਅਗਸਤ 2016 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਸੁਰੱਖਿਆ ਨਾਲ ਸਬੰਧਤ ਅਜਿਹੀ ਇਜਾਜ਼ਤ ਹਾਸਲ ਸੀ ਜਿਸ ਨਾਲ ਉਹ ਵੱਡੀਆਂ ਗੁਪਤ ਅਤੇ ਸੰਵੇਦਨਸ਼ੀਲ ਜਾਣਕਾਰੀਆਂ ਨੂੰ ਕਈ ਵਾਰ ਹਾਸਲ ਕਰ ਸਕਦਾ ਸੀ। ਜਾਂਚ ਕਰਤਾਵਾਂ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਉਸ ਨੇ ਇਹ ਜਾਣਕਾਰੀਆਂ ਕਿਸੇ ਹੋਰ ਨਾਲ ਸਾਂਝੀਆਂ ਕੀਤੀਆਂ ਹਨ ਜਾਂ ਨਹੀਂ ਅਤੇ ਉਸ ਦੇ ਅਜਿਹਾ ਕਰਨ ਦੇ ਉਦੇਸ਼ ਨੂੰ ਵੀ ਜਨਤਕ ਨਹੀਂ ਕੀਤਾ।

Vandana

This news is Content Editor Vandana