ਵੂਹਾਨ 'ਚ ਵਾਇਰਸ ਕਾਰਨ ਅਮਰੀਕੀ ਅਤੇ ਜਾਪਾਨੀ ਨਾਗਰਿਕ ਦੀ ਮੌਤ

02/08/2020 2:14:07 PM

ਬੀਜਿੰਗ— ਚੀਨ 'ਚ ਫੈਲੇ ਕੋਰੋਨਾ ਵਾਇਰਸ ਕਾਰਨ ਇਕ ਅਮਰੀਕੀ ਅਤੇ ਇਕ ਜਾਪਾਨੀ ਨਾਗਰਿਕ ਦੀ ਮੌਤ ਹੋ ਗਈ। ਅਜਿਹਾ ਲੱਗ ਰਿਹਾ ਹੈ ਕਿ ਇਸ ਵਾਇਰਸ ਕਾਰਨ ਚੀਨ 'ਚ ਕਿਸੇ ਵਿਦੇਸ਼ੀ ਨਾਗਰਿਕ ਦੀ ਮੌਤ ਦਾ ਇਹ ਪਹਿਲਾ ਮਾਮਲਾ ਹੈ। ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਪਾਨ ਦੇ ਨਾਗਰਿਕ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਲੱਗਦੀ ਹੈ ਕਿਉਂਕਿ ਇਸ ਨੂੰ ਨਿਮੋਨੀਆ ਹੋਇਆ ਦੱਸਿਆ ਜਾ ਰਿਹਾ ਸੀ।


ਅਮਰੀਕੀ ਦੂਤਘਰ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਕਿਹਾ,''ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਕੋਰੋਨਾ ਵਾਇਰਸ ਕਾਰਨ 60 ਸਾਲਾ ਅਮਰੀਕੀ ਨਾਗਰਿਕ ਦੀ ਚੀਨ ਦੇ ਵੂਹਾਨ ਦੇ ਇਕ ਹਸਪਤਾਲ 'ਚ 6 ਫਰਵਰੀ ਨੂੰ ਮੌਤ ਹੋ ਗਈ।'' ਬੁਲਾਰੇ ਨੇ ਇਹ ਨਹੀਂ ਦੱਸਿਆ ਕਿ ਮਾਰਿਆ ਗਿਆ ਵਿਅਕਤੀ ਪੁਰਸ਼ ਸੀ ਜਾਂ ਮਹਿਲਾ। ਉਨ੍ਹਾਂ ਕਿਹਾ,''ਅਸੀਂ ਮ੍ਰਿਤਕ ਦੇ ਰਿਸ਼ਤੇਦਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹਾਂ।'' ਪਰਿਵਾਰ ਦੀ ਨਿੱਜਤਾ ਦਾ ਸਨਮਾਨ ਕਰਦੇ ਹੋਏ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜਾਵੇਗੀ। ਤਾਜ਼ਾ ਸਰਕਾਰੀ ਅੰਕੜਿਆਂ ਮੁਤਾਬਕ ਚੀਨ 'ਚ ਇਸ ਵਾਇਰਸ ਨਾਲ ਹੁਣ ਤਕ ਕੁੱਲ 722 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 34,000 ਲੋਕ ਇਸ ਕਾਰਨ ਬੀਮਾਰ ਹਨ।''