ਕੋਰੋਨਾ ਵਾਇਰਸ : USA 'ਚ ਪੜ੍ਹ ਰਹੇ 2 ਲੱਖ ਭਾਰਤੀ ਪ੍ਰੇਸ਼ਾਨ, ਮਿਲੇ ਹੋਸਟਲ ਖਾਲੀ ਕਰਨ ਦੇ ਹੁਕਮ

03/19/2020 10:53:49 AM

ਵਾਸ਼ਿੰਗਟਨ— ਕੋਰੋਨਾ ਵਾਇਰਸ ਫੈਲਣ ਦੇ ਮੱਦੇਨਜ਼ਰ ਅਮਰੀਕੀ ਸਰਕਾਰ ਵਲੋਂ ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਦੀ ਮਦਦ ਲਈ ਭਾਰਤੀ ਦੂਤਘਰ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ। ਦੋ ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਵੱਖ-ਵੱਖ ਸਿੱਖਿਆ ਸੰਸਥਾਵਾਂ 'ਚ ਖਾਸ ਤੌਰ 'ਤੇ ਵਿਗਿਆਨ, ਮੈਡੀਕਲ ਅਤੇ ਤਕਨੀਕੀ ਖੇਤਰਾਂ 'ਚ ਪੜ੍ਹਾਈ ਕਰ ਰਹੇ ਹਨ।

300 ਤੋਂ ਵਧੇਰੇ ਉੱਚ ਅਮਰੀਕੀ ਯੂਨੀਵਰਸਿਟੀਆਂ ਅਤੇ ਕਾਲਜਾਂ ਨੇ ਕੰਪਲੈਕਸ ਬੰਦ ਕਰ ਦਿੱਤੇ ਹਨ। ਕਲਾਸਾਂ ਆਨਲਾਈਨ ਕਰ ਦਿੱਤੀਆਂ ਹਨ ਤੇ ਵਿਦਿਆਰਥੀਆਂ ਨੂੰ ਹੋਸਟਲ ਛੱਡਣ ਲਈ ਕਿਹਾ ਗਿਆ ਹੈ। ਭਾਰਤ ਅਤੇ ਅਮਰੀਕਾ ਦੋਹਾਂ ਦੇਸ਼ਾਂ 'ਚ ਯਾਤਰਾ ਪਾਬੰਦੀਆਂ ਅਤੇ ਸਿਰਫ ਕਲਾਸਾਂ ਲਈ ਹੀ ਅਮਰੀਕਾ 'ਚ ਰਹਿਣ ਦੀ ਇਜਾਜ਼ਤ ਦੇਣ ਵਾਲੀਆਂ ਵੀਜ਼ਾ ਸ਼ਰਤਾਂ ਕਾਰਨ ਭਾਰਤੀ ਵਿਦਿਆਰਥੀ ਮੁਸ਼ਕਲਾਂ 'ਚ ਫਸ ਗਏ ਹਨ। ਅਮਰੀਕਾ 'ਚ ਚੀਨ ਦੇ ਬਾਅਦ ਅਮਰੀਕੀ ਵਿਦਿਆਰਥੀ ਸਭ ਤੋਂ ਵਧ ਗਿਣਤੀ 'ਚ ਪੜ੍ਹਾਈ ਕਰਨ ਆਉਂਦੇ ਹਨ।

ਹਿਊਸਟਨ, ਅਟਲਾਂਟਾ, ਸ਼ਿਕਾਗੋ, ਨਿਊਯਾਰਕ ਅਤੇ ਸੈਨ ਫਰਾਂਸਿਸਕੋ 'ਚ ਪਿਛਲੇ ਕਈ ਦਿਨਾਂ ਤੋਂ 24 ਘੰਟੇ ਹੈਲਪਲਾਈਨ ਚਲਾ ਰਹੇ ਭਾਰਤੀ ਦੂਤਘਰ ਅਤੇ ਉਸ ਦੇ 5 ਵਣਜ ਦੂਤਘਰਾਂ ਨੇ ਅਮਰੀਕਾ ਦੇ ਵਿਦੇਸ਼ ਮੰਤਰਾਲੇ ਅਤੇ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾਵਾਂ ਨਾਲ ਸੰਪਰਕ ਕੀਤਾ ਹੈ ਤਾਂ ਕਿ ਇਹ ਨਿਸ਼ਚਿਤ ਕੀਤਾ ਜਾ ਸਕਦਾ ਹੈ ਕਿ ਭਾਰਤ ਦੇ ਵਿਦਿਆਰਥੀਆਂ ਨੂੰ ਦੇਸ਼ 'ਚ ਰਹਿਣ ਨੂੰ ਲੈ ਕੇ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਵਾਸ਼ਿੰਗਟਨ ਡੀ. ਸੀ. 'ਚ ਭਾਰਤੀ ਦੂਤਘਰ ਨੇ ਇੱਥੇ ਭਾਰਤੀ ਵਿਦਿਆਰਥੀਆਂ ਲਈ ਜਾਰੀ ਐਡਵਾਇਜ਼ਰੀ 'ਚ ਕਿਹਾ,''ਅਮਰੀਕਾ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਹ ਕੌਮਾਂਤਰੀ ਵਿਦਿਆਰਥੀਆਂ ਲਈ ਪੈਦਾ ਹੋਈ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ।''

ਐਡਵਾਇਜ਼ਰੀ 'ਚ ਕਿਹਾ ਗਿਆ ਹੈ,''18 ਮਾਰਚ 2020 ਤਕ ਜੇਕਰ ਤੁਸੀਂ ਅਮਰੀਕਾ 'ਚ ਭਾਰਤ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂ ਤੁਹਾਨੂੰ ਆਉਂਦੇ ਸਮੇਂ ਮੈਡੀਕਲ ਜਾਂਚ 'ਚੋਂ ਲੰਘਣਾ ਪਵੇਗਾ ਅਤੇ ਜ਼ਰੂਰਤ ਪੈਣ 'ਤੇ ਸਰਕਾਰੀ ਕੇਂਦਰ 'ਚ ਘੱਟ ਤੋਂ ਘੱਟ 14 ਦਿਨਾਂ ਲਈ ਵੱਖਰੇ ਰੱਖਿਆ ਜਾ ਸਕਦਾ ਹੈ।''

ਐਡਵਾਇਜ਼ਰੀ 'ਚ ਕਿਹਾ ਗਿਆ ਕਿ ਸਟੂਡੈਂਟ ਐਂਡ ਐਕਸਚੇਂਜ ਵਿਜ਼ਟਰ ਪ੍ਰੋਗਰਾਮ ਕੌਮਾਂਤਰੀ ਵਿਦਿਆਰਥੀਆਂ ਲਈ ਡਿਸਟੈਂਸ ਸਿੱਖਿਆ 'ਤੇ ਮਾਰਗ ਦਰਸ਼ਨ ਦੇਣਾ ਜਾਰੀ ਰੱਖੇਗਾ। ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾ ਨੇ ਕਿਹਾ ਕਿ ਜੇਕਰ ਕੋਈ ਸਕੂਲ ਬਿਨਾ ਆਨਲਾਈਨ ਦਿਸ਼ਾ-ਨਿਰਦੇਸ਼ ਜਾਂ ਹੋਰ ਬਦਲ ਸਿੱਖਿਆ ਮਾਧਿਅਮ ਦੇ ਅਸਥਾਈ ਤੌਰ 'ਤੇ ਬੰਦ ਹੁੰਦਾ ਹੈ ਤਾਂ ਵਿਦਿਆਰਥੀ ਤਦ ਤਕ ਇਸ 'ਚ ਕਿਰਿਆਸ਼ੀਲ ਰਹਿਣਗੇ ਜਦ ਤਕ ਉਨ੍ਹਾਂ ਦੀਆਂ ਕਲਾਸਾਂ ਬਹਾਲ ਨਹੀਂ ਹੁੰਦੀਆਂ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਕੂਲ ਬੰਦ ਹੈ ਪਰ ਆਨਲਾਈ ਪੜ੍ਹਾਈ ਕਰਵਾ ਰਿਹਾ ਹੈ ਤਾਂ ਉਹ ਵਿਦਿਆਰਥੀ ਇਸ 'ਚ ਹਿੱਸਾ ਲੈ ਸਕਦੇ ਹਨ।