ਅਮਰੀਕਾ : ਐਰੀਜ਼ੋਨਾ ’ਚ ਕਈ ਮਹੀਨਿਆਂ ਤੋਂ ਬੈਗ ’ਚ ਲੁਕੋ ਕੇ ਰੱਖੀ ਲਾਸ਼ ਮਿਲੀ, ਕਾਤਲ ਗ੍ਰਿਫ਼ਤਾਰ

06/01/2021 11:39:12 AM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਐਰੀਜ਼ੋਨਾ ’ਚ ਪੁਲਸ ਨੇ ਇੱਕ ਔਰਤ ਦੀ ਲਾਸ਼ ਬਰਾਮਦ ਕੀਤੀ ਹੋ, ਜੋ ਕਈ ਮਹੀਨਿਆਂ ਤੋਂ ਇੱਕ ਬੈਗ ’ਚ ਲੁਕੋ ਕੇ ਰੱਖੀ ਹੋਈ ਸੀ। ਪੁਲਸ ਅਨੁਸਾਰ ਇੱਕ ਵਿਅਕਤੀ ਨੇ ਇਸ ਔਰਤ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਬੈਗ ’ਚ ਲੁਕੋ ਦਿੱਤਾ ਸੀ ਅਤੇ ਔਰਤ ਦੀ ਕਾਰ ਤੇ ਉਸ ਦੇ ਬੈਂਕ ਖਾਤੇ ’ਚੋਂ ਵੀ ਚੋਰੀ ਕੀਤੀ ਸੀ। ਇਸ ਮਾਮਲੇ ’ਚ ਪੁਲਸ ਨੇ ਕਿੰਗਮੈਨ ਨਿਵਾਸੀ ਡੇਨੀਅਲ ਪੁਏਟ (35) ਨੂੰ ਸ਼ੁੱਕਰਵਾਰ ਗ੍ਰਿਫਤਾਰ ਕੀਤਾ ਅਤੇ ਉਸ ਉੱਪਰ ਡੇਬਰਾ ਲਿਨ ਚਾਈਲਡਰਜ਼ ਨਾਂ ਦੀ ਔਰਤ ਦੀ ਹੱਤਿਆ ਦਾ ਦੋਸ਼ ਲਾਇਆ ਹੈ। ਸਥਾਨਕ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਸ ਨੂੰ ਨਵੰਬਰ ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਕਿੰਗਮੈਨ ਪੁਲਸ ਅਨੁਸਾਰ ਡੇਬਰਾ ਦੇ ਬੇਟੇ ਨੇ 12 ਮਈ ਨੂੰ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਸੀ ਪਰ ਉਸ ਨੇ ਕਈ ਮਹੀਨਿਆਂ ਤੋਂ ਆਪਣੀ ਮਾਂ ਨੂੰ ਨਹੀਂ ਦੇਖਿਆ ਸੀ। ਅਧਿਕਾਰੀਆਂ ਨੂੰ ਪੁਏਟ ਵੱਲੋਂ ਔਰਤ ਦੀ ਕਾਰ ਚਲਾਉਣ ਅਤੇ ਉਸ ਦੇ ਬੈਂਕ ਖਾਤੇ ’ਚੋਂ ਪੈਸੇ ਕਢਵਾਉਣ ਬਾਰੇ ਪਤਾ ਲੱਗਣ ਤੋਂ ਬਾਅਦ ਡੇਬਰਾ ਨਾਲ ਸਬੰਧਤ ਦੋ ਸਟੋਰੇਜ ਯੂਨਿਟਾਂ ਦੀ ਤਲਾਸ਼ੀ ਲਈ, ਜਿਥੇ ਉਨ੍ਹਾਂ ਨੂੰ ਇੱਕ ਵੱਡੇ ਬੈਗ ’ਚੋਂ ਇੱਕ ਲਾਸ਼ ਬਰਾਮਦ ਹੋਈ। ਸਬੂਤਾਂ ਅਤੇ ਜਾਣਕਾਰੀ ਦੇ ਆਧਾਰ ’ਤੇ ਪੁਲਸ ਅਨੁਸਾਰ ਇਹ ਲਾਸ਼ ਡੇਬਰਾ ਲਿਨ ਚਾਈਲਡਰਜ਼ ਦੀ ਹੈ, ਹਾਲਾਂਕਿ ਇਸ ਦੀ ਅਧਿਕਾਰਤ ਪਛਾਣ ਮੋਹਾਵ ਕਾਊਂਟੀ ਮੈਡੀਕਲ ਐਗਜ਼ਾਮੀਨਰ ਦੇ ਦਫਤਰ ਵੱਲੋਂ ਕੀਤੀ ਜਾਣੀ ਹੈ। ਇਸ ਮਾਮਲੇ ’ਚ ਪੁਏਟ ਦੂਜੀ ਡਿਗਰੀ ਕਤਲ ਅਤੇ ਮ੍ਰਿਤਕ ਦੇਹ ਨੂੰ ਛੁਪਾਉਣ ਸਮੇਤ ਹੋਰਨਾਂ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।

Manoj

This news is Content Editor Manoj