17 ਸਾਲਾ ਇੰਸਟਾਗ੍ਰਾਮ ਸਟਾਰ ਦਾ ਦੋਸਤ ਨੇ ਕੀਤਾ ਕਤਲ, ਸ਼ੇਅਰ ਕੀਤੀਆਂ ਤਸਵੀਰਾਂ

07/16/2019 3:24:24 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੀ ਇਕ 17 ਸਾਲਾ ਸੋਸ਼ਲ ਮੀਡੀਆ ਸਟਾਰ ਬਿਆਂਕਾ ਡੇਵਿਨਸ ਦੀ ਉਸ ਦੇ ਘਰ ਨਿਊਯਾਰਕ ਵਿਚ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਬਿਆਂਕਾ ਡੇਵਿਨਸ ਸ਼ਨੀਵਾਰ ਰਾਤ 21 ਸਾਲਾ ਬ੍ਰੈਂਡਨ ਕਲਾਰਕ ਨਾਲ ਨਿਊਯਾਰਕ ਸ਼ਹਿਰ ਦੇ ਕਵੀਨਸ ਵਿਚ ਇਕ ਸੰਗੀਤ ਪ੍ਰੋਗਰਾਮ ਵਿਚ ਹਿੱਸਾ ਲੈਣ ਗਈ ਸੀ। ਪਰ ਅਗਲੀ ਸਵੇਰ ਡੇਵਿਨਸ ਦੀ ਲਾਸ਼ ਇਕ ਕਾਲੀ ਐੱਸ.ਯੂ.ਵੀ. ਨੇੜੇ ਪਾਈ ਗਈ।  ਬ੍ਰੈਂਡਨ ਨੇ ਐਤਵਾਰ ਤੜਕੇ ਆਪਣੇ ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਸਾਈਟਾਂ 'ਤੇ ਬਿਆਂਕਾ ਦੀਆਂ ਖੂਨ ਨਾਲ ਲਥਪਥ ਤਸਵੀਰਾਂ ਪੋਸਟ ਕਰ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ। 

ਤਸਵੀਰਾਂ ਵਿਚ ਉਸ ਦਾ ਗਲਾ ਕਟਿਆ ਹੋਇਆ ਸੀ। ਥੋੜ੍ਹੀ ਦੇਰ ਵਿਚ ਹੀ ਇਹ ਤਸਵੀਰਾਂ ਵਾਇਰਲ ਹੋ ਗਈਆਂ। ਭਾਵੇਂਕਿ ਤਸਵੀਰਾਂ ਵਾਇਰਲ ਹੋਣ ਦੇ ਬਾਅਦ ਲੋਕਾਂ ਨੇ ਉੱਥੋਂ ਦੀਆਂ ਕੁਝ ਕੰਪਨੀਆਂ 'ਤੇ ਗੁੱਸਾ ਕੱਢਿਆ। ਇੱਥੇ ਦੱਸ ਦਈਏ ਕਿ ਬਿਆਂਕਾ ਨੂੰ ਈ-ਗਰਲ ਦੇ ਰੂਪ ਵਿਚ ਜਾਣਿਆ ਜਾਂਦਾ ਸੀ। ਇੰਸਟਾਗ੍ਰਾਮ 'ਤੇ ਇਕ ਅਕਾਊਂਟ ਸੀ ਜਿਸ ਵਿਚ ਉਸ ਦੇ ਲੱਗਭਗ 6 ਹਜ਼ਾਰ ਫਾਲੋਅਰਜ਼ ਸਨ।

ਯੂਟਿਕਾ ਪੁਲਸ ਮੁਤਾਬਕ ਕਲਾਰਕ ਅਤੇ ਡੇਵਿਨਸ ਦੀ ਮੁਲਾਕਾਤ ਦੋ ਮਹੀਨੇ ਪਹਿਲਾਂ ਹੀ ਇੰਸਟਾਗ੍ਰਾਮ 'ਤੇ ਹੋਈ ਸੀ। ਦੋਹਾਂ ਨੇ ਇਕ-ਦੂਜੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਘਟਨਾ ਦੇ ਬਾਅਦ ਡੇਵਿਨਸ ਦੇ ਪਰਿਵਾਰ ਵਾਲਿਆਂ ਨੇ ਕਿਹਾ,''ਉਨ੍ਹਾਂ ਦਾ ਪਰਿਵਾਰ ਤਬਾਹ ਹੋ ਗਿਆ। ਉਨ੍ਹਾਂ ਦੀ ਬੇਟੀ ਇਕ ਪ੍ਰਤਿਭਾਸ਼ਾਲੀ ਕਲਾਕਾਰ ਸੀ।'' ਕਲਾਰਕ ਨੇ ਤਸਵੀਰ ਨਾਲ ਕੈਪਸ਼ਨ ਦਿੱਤਾ ਸੀ ਕਿ 'ਮੈਨੂੰ ਮਾਫ ਕਰਨਾ ਬਿਆਂਕਾ'। 

ਸੋਮਵਾਰ ਨੂੰ ਯੂਟਿਕਾ ਪੁਲਸ ਵੱਲੋਂ ਜਾਰੀ ਬਿਆਨ ਮੁਤਾਬਕ ਕਲਾਰਕ ਨੇ ਖੁਦ ਹੀ 911 'ਤੇ ਫੋਨ ਕਰ ਕੇ ਡੇਵਿਨਸ ਦੀ ਹੱਤਿਆ ਬਾਰੇ ਅਪਮਾਨਜਨਕ ਬਿਆਨ ਦਿੱਤੇ ਸਨ। ਇਸ ਮਗਰੋਂ ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਐੱਸ.ਯੂ.ਵੀ. ਨੇੜੇ ਇਕ ਸ਼ਖਸ ਨੂੰ ਜ਼ਮੀਨ 'ਤੇ ਲੇਟੇ ਦੇਖਿਆ। ਅਧਿਕਾਰੀਆਂ ਨੇ ਜਦੋਂ ਕਲਾਰਕ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਖੁਦ ਦੀ ਗਰਦਨ 'ਤੇ ਚਾਕੂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਕਲਾਰਕ ਨੇੜਲੇ ਇਕ ਤਖਤੇ 'ਤੇ ਲੇਟ ਗਿਆ।

ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਤਿਰਪਾਲ ਹੇਠਾਂ ਭੂਰੇ ਵਾਲਾਂ ਨੂੰ ਦੇਖ ਕਲਾਰਕ ਤੋਂ ਪੁੱਛਗਿੱਛ ਕੀਤੀ। ਉਦੋਂ ਕਲਾਰਕ ਨੇ ਪੁਲਸ ਨੂੰ ਦੱਸਿਆ ਕਿ ਇਹ ਡੇਵਿਨਸ ਦੀ ਲਾਸ਼ ਹੈ। ਇਸ ਦੌਰਾਨ ਵੀ ਉਹ ਡੇਵਿਨਸ ਦੀ ਲਾਸ਼ ਨਾਲ ਸੈਲਫੀ ਲੈਣ ਲਈ ਫੋਨ ਦੀ ਵਰਤੋਂ ਕਰ ਰਿਹਾ ਸੀ। ਇਹੀ ਨਹੀਂ ਜਦੋਂ ਪੁਲਸ ਨੇ ਉਸ ਨੂੰ ਕਾਬੂ ਵਿਚ ਰੱਖਣ ਲਈ ਬੰਦੂਕ ਤਾਣੀ ਤਾਂ ਵੀ ਉਹ ਕਥਿਤ ਰੂਪ ਨਾਲ ਪੀੜਤਾ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਅਪਡੇਟ ਕਰ ਰਿਹਾ ਸੀ। ਪੁਲਸ ਨੇ ਜ਼ਖਮੀ ਕਲਾਰਕ ਦਾ ਇਲਾਜ ਕਰਵਾਇਆ ਅਤੇ ਫਿਰ ਸੋਮਵਾਰ ਨੂੰ ਅਧਿਕਾਰਕ ਤੌਰ 'ਤੇ ਸੈਕੰਡ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ।

Vandana

This news is Content Editor Vandana