ਅਮਰੀਕਾ : ਅਸਟੋਰੀਆ ਸ਼ਹਿਰ ''ਚ ਗਦਰੀ ਬਾਬਿਆਂ ਦੀ ਯਾਦ ''ਚ ਵਿਸ਼ੇਸ ਸਮਾਗਮ

04/09/2018 7:49:22 AM

ਨਿਊਯਾਰਕ ,  (ਰਾਜ ਗੋਗਨਾ)— ਬੀਤੇ ਦਿਨ 'ਗਦਰ ਮੈਮੋਰੀਅਲ ਫਾਊਂਡੇਸ਼ਨ ਆਫ ਯੂ .ਐੱਸ. ਏ.' ਦੇ ਉੱਦਮ ਅਤੇ ਔਰੀਗਨ ਸਟੇਟ ਦੇ ਅਸਟੋਰੀਆ ਸ਼ਹਿਰ ਦੀ ਸਿਟੀ ਕੌਂਸਲ ਵੱਲੋਂ ਗਦਰੀ ਬਾਬਿਆਂ ਦੀ ਯਾਦ ਵਿਚ ਸ਼ਨੀਵਾਰ ਨੂੰ 7 ਅਪ੍ਰੈਲ, 2018 ਨੂੰ ਵਿਸ਼ੇਸ਼ ਸਮਾਗਮ ਰੱਖਿਆ ਗਿਆ। ਇਸ ਵਿਚ ਅਜ਼ਾਦੀ ਘੁਲਾਟੀਆਂ ਵਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ ਅਤੇ ਗਦਰ ਮੂਵਮੈਂਟ ਦੇ ਸ਼ਹੀਦਾਂ ਅਤੇ ਸਾਰੇ ਸੇਵਾਦਾਰਾਂ ਦਾ ਮਾਣ ਸਤਿਕਾਰ ਕਰਦਿਆਂ ਇੱਥੋਂ ਦੀ ਮੈਮੋਰੀਅਲ ਪਾਰਕ ਵਿਚ ਇੱਕ (ਸਮਾਰਕ) ਸਾਈਨ ਬੋਰਡ ਲਗਵਾਇਆ ਗਿਆ। ਯਾਦ ਰਹੇ ਇਹ ਬੋਰਡ ਪਹਿਲਾਂ 2013 ਵਿਚ ਲਗਾਇਆ ਗਿਆ ਸੀ। ਨਵਾਂ ਬੋਰਡ ਸਿਟੀ ਨੇ ਆਪਣੇ ਖਰਚ 'ਤੇ ਲਗਾਇਆ ਹੈ। 100 ਸਾਲ ਤੋਂ ਵੀ ਪਹਿਲਾਂ ਇਸ ਸ਼ਹਿਰ ਵਿਚ ਗਦਰੀ ਬਾਬਿਆਂ ਦਾ ਸਾਰਾ ਇਤਿਹਾਸ ਇੱਕਤਰ ਕਰ ਕੇ ਇੱਕ ਕਿਤਾਬ ਵੀ ਛਾਪੀ ਗਈ ਹੈ ਜੋ ਕਿ ਸਾਡੇ ਅਮੀਰ ਵਿਰਸੇ ਦੀ ਮੂੰਹ ਬੋਲਦੀ ਤਸਵੀਰ ਹੈ। 


ਇਸ ਮੌਕੇ ਬੁਲਾਰਿਆਂ ਵਿਚ ਸਟੇਟ ਸੈਨੇਟਰ ਬੈਟਸੀ ਜੌਹਨਸਨ, ਮੇਅਰ ਆਰਲੀਨ ਲਾਮੀਅਰ, ਸਾਬਕਾ ਮੇਅਰ ਵਿਲਸ ਵੈਨ ਡਸਟਨ, ਵੈਨਕੂਵਰ ਵਾਸ਼ਿੰਗਟਨ ਦੇ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਸਰਦਾਰ ਗੁਰਜੀਤ ਸਿੰਘ ਰੰਕਾ, ਗੁਰਦੁਆਰਾ ਸਿੰਘ ਸਭਾ ਰੈਂਟਨ ਸਿਆਟਲ ਦੇ ਜਨਰਲ ਸਕੱਤਰ ਸਰਦਾਰ ਅਵਤਾਰ ਸਿੰਘ ਆਦਮਪੁਰੀ, ਸਰਦਾਰ ਬਹਾਦਰ ਸਿੰਘ ਸੇਲਮ ਔਰੀਗਨ, ਸਰਦਾਰ ਗੁਰਿੰਦਰ ਸਿੰਘ ਖਾਲਸਾ ਸਿੱਖ ਪੈਕ ਇੰਡੀਅਨਾ ਤੋਂ, ਸਰਦਾਰ ਸਤਪਾਲ ਸਿੰਘ ਧਨੋਆ ਨਿੱਜੀ ਚੈਨਲ ਤੋਂ, ਜੋਹਾਨਾ ਔਗਡਨ, ਡਾ; ਜਸਵਿੰਦਰ ਕੌਰ ਜੁਜੀਨ ਔਰੀਗਨ, ਸਤ ਹਨੂਮਾਨ ਸਿੰਘ ਖਾਲਸਾ ਸੈਲਡਫ (ਗੋਰਾ ਸਿੱਖ) ਅਤੇ ਨਵਨੀਤ ਕੌਰ ਸੇਲਮ ਤੋਂ। ਇਸ ਸਮਾਗਮ ਵਿਚ ਲਗਭਗ 200 ਦੇ ਕਰੀਬ ਲੋਕਾਂ ਨੇ ਭਾਗ ਲਿਆ ਜਿਨ੍ਹਾਂ ਵਿਚ ਬਹੁਤ ਸਾਰੇ ਅਮਰੀਕਨ ਗੋਰਿਆਂ ਤੋਂ ਇਲਾਵਾ ਸਿਆਟਲ, ਸੇਲਮ, ਵੈਨਕੂਵਰ ਵਾਸ਼ਿੰਗਟਨ,ਹੇਵਰਟ ਵੀਵਰਟਨ, ਜੁਜੀਨ ਔਰੀਗਨ, ਇੰਡੀਆਨਾ ਆਦਿ ਤੋਂ ਨਾਮਵਰ ਸ਼ਖਸ਼ੀਅਤਾਂ ਸ਼ਾਮਲ ਹੋਈਆਂ। ਕੁਲਜੀਤ ਸਿੰਘ ਵੈਨਕੂਵਰ ਵਾਸ਼ਿੰਗਟਨ ਦੀ ਭੰਗੜਾ ਟੀਮ ਨੇ ਵੀ ਚੰਗਾ ਰੰਗ ਬੰਨ੍ਹਿਆ।

ਇਸ ਮੌਕੇ ਅਸਟੋਰੀਆ ਸਿਟੀ ਦੀ ਕੌਂਸਲ ਵਲੋਂ ਬਾਹਰੋਂ ਆਏ ਮਹਿਮਾਨਾਂ ਲਈ ਦੁਪਹਿਰ ਦਾ ਖਾਣਾ ਅਤੇ ਵਿਸ਼ੇਸ਼ ਚੌਕਲੇਟ ਵੀ ਵੰਡੀ ਗਈ। ਗੋਰਿਆਂ ਦੀ ਪ੍ਰਹੁਣਚਾਰੀ ਨੇ ਸਿੰਘਾਂ ਦੇ ਮਨ ਮੋਹ ਲਏ। ਜ਼ਿਕਰਯੋਗ ਹੈ ਕਿ ਗਦਰੀ ਬਾਬਿਆਂ ਨੂੰ ਸਮਰਪਿਤ ਸਮਾਗਮ ਹੁਣ ਸ਼ਹਿਰ ਅਸਟੋਰੀਆ ਵਿਚ ਹਰ ਸਾਲ ਜੁਲਾਈ ਮਹੀਨੇ ਦੇ ਦੂਜੇ ਹਫਤੇ ਸ਼ਨਿੱਚਰਵਾਰ ਨੂੰ ਹੋਇਆ ਕਰੇਗਾ। ਸੈਨੇਟਰ ਜੌਹਨਸਨ ਨੇ ਕਿਹਾ ਕਿ ਗਦਰੀ ਬਾਬਿਆਂ ਦਾ ਪ੍ਸਤਾਵ ਉਹ ਸੈਨਿਟ ਵਿਚ ਰੱਖਣਗੇ ਤਾਂ ਕਿ ਉਨ੍ਹਾਂ ਨੂੰ ਵਿਸ਼ੇਸ਼ ਮਾਨਤਾ ਮਿਲ ਸਕੇ।