ਅਮਰੀਕਾ ''ਚ ਸੀਨੀਅਰ ਪੱਤਰਕਾਰ ਹਰਵਿੰਦਰ ਰਿਆੜ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਆਖਰੀ ਵਿਦਾਈ (ਤਸਵੀਰਾਂ)

04/07/2021 12:15:04 PM

ਨਿਊਜਰਸੀ (ਰਾਜ ਗੋਗਨਾ): ਬੀਤੇ ਦਿਨੀ ਅਮਰੀਕਾ ਦੇ ਸੂਬੇ ਨਿਊਜਰਸੀ ਦੇ ਸ਼ਹਿਰ ਕਾਰਟਰੇਟ ਵਿਚ ਰਹਿੰਦੇ ਸੀਨੀਅਰ ਪੱਤਰਕਾਰ ਅਤੇ ਪੰਜਾਬੀ ਰਾਈਟਰ ਵੀਕਲੀ ਦੇ ਸੰਪਾਦਕ ਤੇ ਬਾਜ਼ ਟੀ ਵੀ ਦੇ ਬਾਨੀ ਹਰਵਿੰਦਰ ਰਿਆੜ (49) ਸਾਲ ਦੀ ਉਮਰ ਵਿਚ ਦਿਲ ਦਾ ਦੋਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ ਸੀ।ਬੀਤੇ ਦਿਨ ਉਹਨਾਂ ਦਾ ਅੰਤਿਮ ਸੰਸਕਾਰ ਚੁਬੇਨਕੋ ਫਿਊਨਰਲ ਹੋਮ ਕਾਰਟਰੇਟ (ਨਿਊਜਰਸੀ) ਵਿਖੇ ਹੋਇਆ, ਜਿਸ ਵਿੱਚ ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਾਰਟਰੇਟ ਨਿਵਾਸੀ, ਰਿਸ਼ਤੇਦਾਰਾਂ ਤੋਂ ਇਲਾਵਾ, ਉਹਨਾਂ ਨਾਲ ਬੇਹੱਦ ਪਿਆਰ ਕਰਨ ਵਾਲੇ ਉਹਨਾਂ ਦੇ ਮਿੱਤਰ ਕਈ ਧਾਰਮਿਕ ਅਤੇ ਸਿਆਸੀ ਆਗੂ ਇਸ ਦੁੱਖ ਦੀ ਘੜੀ ਵਿਚ ਉਹਨਾਂ ਦੇ ਅੰਤਿਮ ਦਰਸ਼ਨ ਕਰਨ, ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਆਖਰੀ ਵਿਦਾਈ ਦੇਣ ਲਈ ਅਮਰੀਕਾ ਦੇ ਵੱਖ ਵੱਖ ਸੂਬਿਆਂ ਤੋ ਲੋਕ ਪੁੱਜੇ। 

ਕੁਝ ਸਮੇਂ ਲਈ ਹਰਵਿੰਦਰ ਰਿਆੜ ਦੇ ਆਖਰੀ ਦਰਸ਼ਨ ਕਰਨ ਲਈ ਉਹਨਾਂ ਦੀ ਮ੍ਰਿਤਕ ਦੇਹ ਫਿਊਨਰਲ ਹੋਮ ਵਿਖੇਂ ਰੱਖੀ ਗਈ ਜਿੱਥੇ ਉਹਨਾਂ ਨੂੰ ਪਿਆਰ ਕਰਨ ਵਾਲੇ ਅਨੇਕਾਂ ਲੋਕਾਂ ਨੇ ਸੇਜਲ ਅੱਖਾਂ ਨਾਲ ਦਰਸ਼ਨ ਕੀਤੇ। ਹਰੇਕ ਪ੍ਰਾਣੀ ਮਿਲਾਪੜੇ, ਸਾਊ, ਪੰਜਾਬੀ ਮਾਂ ਬੋਲੀ ਦੇ ਜਾਦੂਗਰ ਐਂਕਰ ਅਤੇ ਬੇਬਾਕ ਸੀਨੀਅਰ ਪੱਤਰਕਾਰ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਭਿੱਜੀਆਂ ਅੱਖਾਂ ਨਾਲ ਬਾਹਰ ਆ ਰਹੇ ਸਨ। ਰਿਆੜ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ 'ਤੇ ਦੁੱਖੀ ਪਰਿਵਾਰ ਨਾਲ ਲੋਕ ਦੁੱਖ ਸਾਂਝਾ ਕਰ ਰਹੇ ਸਨ। 

ਅਮਰੀਕਾ ਵਿਚ ਪੰਜਾਬੀ ਮਾਂ ਬੋਲੀ ਦੀ ਬੇਬਾਕ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਰਿਆੜ ਨੇ ਅਮਰੀਕਾ ਵਿਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਮਸਲੇ ਆਪਣੀ ਕਲਮ ਅਤੇ ਆਵਾਜ਼ ਨਾਲ ਉਠਾਏ ਸਨ। ਹਰੇਕ ਵਰਗ ਦੇ ਕੰਮ ਲਈ ਕਮਿਊਨਿਟੀ ਨਾਲ ਅਗਲੀ ਕਤਾਰ ਵਿਚ ਅੱਗੇ ਖੜ੍ਹੇ ਹੋਣ ਵਾਲੇ ਹਰੇਕ ਵਰਗ ਦੇ ਮਸੀਹੇ ਅਤੇ ਹਮਦਰਦ ਸਵ: ਹਰਵਿੰਦਰ ਰਿਆੜ ਦੀ ਕਾਰਟਰੇਟ ਦੇ ਗੁਰੂ ਘਰ ਵਿਖੇਂ ਅੰਤਿਮ ਅਰਦਾਸ ਤੋਂ ਬਾਅਦ ਉਹਨਾਂ ਨੂੰ ਭਾਵ-ਭਿੰਨੀਆ ਸ਼ਰਧਾਂਜਲੀਆਂ ਦੇਣ ਵਾਲੇ ਸੱਜਣਾਂ ਮਿੱਤਰਾਂ ਨੇ ਨਮ ਅੱਖਾ ਨਾਲ ਪੰਜਾਬੀ ਮਾਂ ਬੋਲੀ ਦੇ ਸ਼ਬਦਾ ਦਾ ਸਿਕੰਦਰ ਦੱਸਿਆ ਅਤੇ ਪੂਰੀ ਕਮਿਊਨਿਟੀ  ਦਾ ਇਕ ਮਸੀਹਾ ਕਿਹਾ, ਜਿਸ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋਵੇਗਾ।

ਅੰਤਿਮ ਅਰਦਾਸ ਵਿਚ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲੇ ਬੁਲਾਰਿਆਂ ਨੇ ਉਹਨਾਂ ਦੀ ਪਤਨੀ ਬੀਬਾ ਅਮਰਜੀਤ ਕੋਰ ਰਿਆੜ ਬੇਟੇ ਅਰਜਨ ਰਿਆੜ ਨਾਲ ਅਖ਼ਬਾਰ ਅਤੇ ਬਾਜ਼ ਟੀ ਵੀ ਪ੍ਰਤੀ ਸਵ: ਰਿਆੜ ਵੱਲੋਂ ਸ਼ੁਰੂ ਕੀਤੇ ਗਏ ਕਮਿਉਨਿਟੀ ਦੀ ਸੇਵਾ ਲਈ ਅਖ਼ਬਾਰ ਤੇ ਚੈੱਨਲ ਨੂੰ ਪੂਰਾ ਸਹਿਯੋਗ ਦੇਣ ਲਈ ਸਹਿਮਤੀ ਵੀ ਪ੍ਰਗਟਾਈ। ਰਾਗੀ ਭਾਈ ਸੱਜਣ ਸਿੰਘ ਜੀ ਦਾ ਜਥਾ (ਨਿਊਯਾਰਕ) ਅਤੇ ਭਾਈ ਕੇਹਰ ਸਿੰਘ ਸ਼ਾਂਤ ਦੇ ਜੱਥੇ ਵੱਲੋਂ ਵੈਰਾਗਮਈ ਸ਼ਬਦ ਕੀਰਤਨ ਵਿਚ ਹਾਜ਼ਰੀ ਲਵਾਈ। ਪਰਿਵਾਰ ਦੀ ਜ਼ਿੰਮੇਵਾਰੀ ਦਾ ਭਾਰ ਪਿਤਾ ਵੱਲੋਂ ਇਸ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋ ਜਾਣ ਮਗਰੋਂ ਪਗੜੀ ਦੀ ਰਸ਼ਮ ਉਹਨਾਂ ਦੇ ਸਪੁੱਤਰ ਅਰਜਨ ਰਿਆੜ ਦੇ ਸਿਰ 'ਤੇ ਸਵ: ਹਰਵਿੰਦਰ ਰਿਆੜ ਦੇ ਕੁੜਮ ਗੈਸ ਸਟੇਸ਼ਨਾਂ ਦੇ ਸਫਲ ਬਿਜਨੈਮੈੱਨ ਜਬਰ ਸਿੰਘ ਗਰੇਵਾਲ ਨੇ ਅਦਾ ਕੀਤੀ।

ਭਾਰੀ ਗਿਣਤੀ ਵਿਚ ਅੰਤਿਮ ਅਰਦਾਸ ਵਿਚ ਸ਼ਾਮਿਲ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲਿਆ ਵਿਚ ਸਿੱਖਸ ਫਾਰ ਅਮੈਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, ਉਪ ਚੇਅਰਮੈਨ ਬਲਜਿੰਦਰ ਸਿੰਘ ਸ਼ੰਮੀ, ਮੁਸਲਿਮ ਕਮਿਊਨਟੀ ਦੇ ਆਗੂ ਸਾਜਿਦ ਤਰਾਰ, ਸ਼੍ਰੋਮਣੀ ਅਕਾਲੀ ਦਲ (ਅੰਮਿਤਸਰ) ਅਮਰੀਕਾ ਦੇ ਕਨਵੀਨਰ ਬੂਟਾ ਸਿੰਘ ਖੜੌਦ, ਉੱਘੇ ਸਿੱਖ ਆਗੂ ਰਾਜਭਿੰਦਰ ਸਿੰਘ ਬਦੇਸ਼ਾ ਨਿਊਜਰਸੀ, ਬਲਜਿੰਦਰ ਸਿੰਘ ਬਰਾੜ, ਗੁਰਮੀਤ ਗਿੱਲ ਪ੍ਰਧਾਨ ਆਈ.ਐਨ.ੳ.ਸੀ ਪੰਜਾਬ ਵਿੰਗ ਅਮਰੀਕਾ, ਸਤਪਾਲ ਸਿੰਘ ਬਰਾੜ ਸਪੋਕਸਮੈਨ ਸ਼ੋਅਦ,ਹਰਦਿਆਲ ਸਿੰਘ ਜੋਹਲ, ਹਰਦੀਪ ਸਿੰਘ ਗੋਲਡੀ ਪ੍ਰਧਾਨ ਸ਼ੋਅਦ ਨਿਊਜਰਸੀ, ਹਿੰਮਤ ਸਿੰਘ ਸਾਬਕਾ ਪ੍ਰਧਾਨ ਗੁਰੂ ਘਰ ਬਾਬਾ ਮੱਖਣ ਸ਼ਾਹ ਲੁਬਾਣਾ, ਨਿਊਯਾਰਕ, ਸਿੱਖ ਕਲਚਰਲ ਸੁਸਾਇਟ ਦੇ ਪ੍ਰਧਾਨ ਜਤਿੰਦਰ ਸਿੰਘ ਬੋਪਾਰਾਏ,ਗੁਰਦੇਵ ਸਿੰਘ ਕੰਗ ਹਿਊਮਨ ਰਾਈਟਸ ਕਮਿਸ਼ਨਰ ,ਹਰਪ੍ਰੀਤ ਸਿੰਘ ਤੂਰ ਸਮਾਜ ਸੇਵੀ, ਲਖਵੀਰ ਜੋਹਲ, ਧੀਰਜ ਛੋਕਰਾਂ ਨਿਊਯਾਰਕ, ਮੁਨੀਸ਼ ਬਿਆਲਾ ਪ੍ਰਦੀਪ ਗਿੱਲ ,ਰਘਬੀਰ ਸਿੰਘ ਸੁਭਾਨਪੁਰ, ਪ੍ਰੀਤਮ ਸਿੰਘ ਗਿਲਜੀਆ,ਅਤੇ ਕਈ ਹੋਰ ਅਨੇਕਾਂ ਆਗੂਆ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਹਨਾਂ ਸਾਰਿਆਂ ਨੇ ਵਾਹਿਗੁਰੂ ਅੱਗੇ ਬੇਨਤੀ ਕੀਤੀ ਕਿ ਪਰਿਵਾਰ ਨੂੰ ਭਾਣਾ ਬਖ਼ਸ਼ਣ ਦਾ ਬੱਲ ਬਖ਼ਸ਼ੇ।

 

Vandana

This news is Content Editor Vandana