ਅਮਰੀਕਾ : ਸਰਹੱਦ ''ਤੇ ਰੋਂਦੀ ਬੱਚੀ ਦੀ ਤਸਵੀਰ ਨੇ ਜਿੱਤਿਆ ''ਵਿਸ਼ਵ ਪ੍ਰੈਸ ਫੋਟੋ'' ਐਵਾਰਡ

04/12/2019 9:39:19 PM

ਵਾਸ਼ਿੰਗਟਨ (ਏਜੰਸੀ)- ਅਮਰੀਕੀ ਸਰਹੱਦ 'ਤੇ ਇਕ ਛੋਟੀ ਕੁੜੀ ਦੀ ਰੋਣ ਦੀ ਤਸਵੀਰ ਨੇ ਪ੍ਰਸਿੱਧ 'ਵਰਲਡ ਪ੍ਰੈਸ ਫੋਟੋ ਐਵਾਰਡ' ਜਿੱਤਿਆ ਹੈ। ਇਹ ਤਸਵੀਰ ਉਸ ਵੇਲੇ ਖਿੱਚੀ ਗਈ, ਜਦੋਂ ਬੱਚੀ ਅਤੇ ਉਸ ਦੀ ਮਾਂ ਨੂੰ ਅਮਰੀਕੀ ਅਧਿਕਾਰੀ ਹਿਰਾਸਤ ਵਿਚ ਲੈ ਕੇ ਉਨ੍ਹਾਂ ਦੀ ਜਾਂਚ ਕਰ ਰਹੇ ਸਨ। ਐਵਾਰਡ ਦੇ ਜੱਜਾਂ ਨੇ ਕਿਹਾ ਕਿ ਤਜ਼ਰਬੇਕਾਰ ਫੋਟੋਗ੍ਰਾਫਰ ਜਾਨ ਮੂਰ ਨੇ ਇਹ ਤਸਵੀਰ ਕੈਮਰੇ ਵਿਚ ਕੈਦ ਕਰ ਲਈ। ਜਦੋਂ ਹੋਂਡੂਰਾਸ ਦੀ ਨਾਗਰਿਕ ਸੈਂਡਰਾ ਸਾਂਚੇਜ ਅਤੇ ਉਸ ਦੀ ਧੀ ਯਨੇਲਾ ਨੇ ਪਿਛਲੇ ਸਾਲ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕੀ-ਮੈਕਸੀਕਨ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫੜੀ ਗਈ। ਇਸ ਤਸਵੀਰ ਵਿਚ ਨਜ਼ਰ ਆਉਣ ਵਾਲੀ ਹਿੰਸਾ ਆਮ ਨਾਲੋਂ ਕਿਤੇ ਵੱਖਰੀ ਹੈ, ਇਹ ਮਾਨਸਿਕ ਹੈ।


ਰੋਂਦੀ ਵਿਲਖਦੀ ਬੱਚੀ ਦੀ ਤਸਵੀਰ ਪੂਰੀ ਦੁਨੀਆ ਵਿਚ ਪ੍ਰਕਾਸ਼ਿਤ ਹੋਈ ਸੀ। ਉਦੋਂ ਸਰਹੱਦ 'ਤੇ ਸਖ਼ਤੀ ਨਾਲ ਜਾਂਚ ਸਬੰਧੀ ਅਮਰੀਕਾ ਦੀ ਵਿਵਾਦਤ ਨੀਤੀ ਕਾਰਨ ਹਜ਼ਾਰਾਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਅੱਡ ਕਰ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਪੂਰੀ ਦੁਨੀਆ ਵਿਚ ਅਮਰੀਕੀ ਸਰਕਾਰ ਦੀ ਨਿਖੇਧੀ ਹੋਈ ਸੀ।


ਫੈਸਲਾਕੁੰਨ ਮੰਡਲ ਵਿਚ ਸ਼ਾਮਲ ਜੱਜਾਂ ਨੇ ਕਿਹਾ ਕਿ ਅਮਰੀਕੀ ਸਰਹੱਦੀ ਟੈਕਸ ਅਤੇ ਸਰਹੱਦੀ ਸੁਰੱਖਿਆ ਅਧਿਕਾਰੀਆਂ ਨੇ ਬਾਅਦ ਵਿਚ ਕਿਹਾ ਕਿ ਯਨੇਲਾ ਅਤੇ ਉਸ ਦੀ ਮਾਂ ਵੱਖ ਨਹੀਂ ਹੋਏ ਸਨ। ਪਰ ਜਨਤਕ ਤੌਰ 'ਤੇ ਹੋਏ ਚਹੁੰ-ਪੱਖੀ ਵਿਰੋਧ ਕਾਰਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਸਾਲ ਜੂਨ ਵਿਚ ਉਸ ਨੀਤੀ ਨੂੰ ਵਾਪਸ ਲੈ ਲਿਆ ਸੀ।


ਮੂਰ ਪਿਛਲੇ ਸਾਲ 12 ਜੂਨ ਨੂੰ ਰਾਤ ਨੂੰ ਰੀਓ ਗ੍ਰਾਂਡ ਵੈਲੀ ਵਿਚ ਯੂ.ਐਸ. ਬਾਰਡਰ ਪੈਟਰੋਲ ਏਜੰਟਾਂ ਦੀਆਂ ਤਸਵੀਰਾਂ ਲੈ ਰਹੇ ਸਨ, ਜਦੋਂ ਉਹ ਮਾਂ-ਧੀ ਉਨ੍ਹਾਂ ਲੋਕਾਂ ਦੇ ਭਾਈਚਾਰੇ ਵਿਚ ਆਈਆਂ, ਜਿਨ੍ਹਾਂ ਨੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਤੋਂ ਕੁਝ ਹੀ ਸਮੇਂ ਬਾਅਦ ਮੂਰ ਨੇ ਅਮਰੀਕਾ ਦੇ ਨੈਸ਼ਨਲ ਪਬਲਿਕ ਰੇਡੀਓ ਦੇ ਪ੍ਰਸਾਰਕ ਨੂੰ ਇਕ ਇੰਟਰਵਿਊ ਵਿਚ ਕਿਹਾ ਸੀ, ਮੈਂ ਉਨ੍ਹਾਂ ਦੇ ਚਿਹਰੇ 'ਤੇ ਉਨ੍ਹਾਂ ਦੀਆਂ ਅੱਖਾਂ ਵਿਚ ਸਾਫ-ਸਾਫ ਡਰ ਦੇਖ ਸਕਦਾ ਸੀ।

Sunny Mehra

This news is Content Editor Sunny Mehra