ਲਾੜੀ ਨੇ ਬੀਮਾਰ ਪਿਤਾ ਨਾਲ ਕੀਤਾ ਡਾਂਸ, ਵੀਡੀਓ ਵਾਇਰਲ

01/10/2019 4:45:00 PM

ਵਾਸ਼ਿੰਗਟਨ (ਬਿਊਰੋ)— ਵਿਆਹ ਦਾ ਦਿਨ ਹਰ ਕੁੜੀ ਲਈ ਬਹੁਤ ਖਾਸ ਹੁੰਦਾ ਹੈ। ਅਮਰੀਕਾ ਦੇ ਸੂਬੇ ਅਲਬਾਮਾ ਵਿਚ ਰਹਿਣ ਵਾਲੀ ਕੁੜੀ ਨੇ ਲਾੜੀ ਬਣ ਆਪਣੇ ਵਿਆਹ ਵਾਲੇ ਦਿਨ ਨੂੰ ਇੰਝ ਖਾਸ ਬਣਾਇਆ ਕਿ ਉਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਕਰੀਬ 3.29 ਮਿੰਟ ਦੀ ਇਹ ਕਲਿੱਪ ਦੇਖਣ ਵਾਲੇ ਭਾਵੁਕ ਹੋ ਰਹੇ ਹਨ। ਲੋਕ ਲਾੜੀ ਅਤੇ ਉਸ ਦੇ ਪਿਤਾ ਦੇ ਪਿਆਰ ਦੀ ਤਰੀਫ ਕਰ ਰਹੇ ਹਨ। 

ਅਸਲ ਵਿਚ ਪੇਸ਼ੇਵਰ ਡਾਂਸਰ ਟੀਚਰ ਮੈਰੀ ਬੌਰਨ ਬੱਟਸ ਦੇ ਪਿਤਾ ਇਕ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ। ਉਹ ਵ੍ਹੀਲਚੇਅਰ 'ਤੇ ਬੈਠਣ ਲਈ ਮਜਬੂਰ ਹਨ। ਪਰ ਇਹ ਮਜਬੂਰੀ ਵੀ ਮੈਰੀ ਅਤੇ ਉਸ ਦੇ ਪਿਤਾ ਨੂੰ ਵਿਆਹ ਦਾ ਰਵਾਇਤੀ ਡਾਂਸ ਕਰਨ ਤੋਂ ਰੋਕ ਨਹੀਂ ਸਕੀ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਮੈਰੀ ਦੇ ਪਿਤਾ ਗਲਿਯੋਬਲਾਸਟੋਮਾ (glioblastoma ) ਨਾਲ ਪੀੜਤ ਹਨ। ਇਹ ਇਕ ਤਰ੍ਹਾਂ ਦਾ ਬ੍ਰੈਨ ਕੈਂਸਰ ਹੈ ਜਿਸ ਦਾ ਇਲਾਜ ਨਹੀਂ ਹੈ।

ਬੀਤੇ ਸਾਲ ਦਸੰਬਰ ਤੋਂ ਉਨ੍ਹਾਂ ਨੂੰ ਹੌਸਪਿਕ ਕੇਅਰ ਵਿਚ ਰੱਖਿਆ ਗਿਆ ਹੈ। ਭਾਵੇਂਕਿ ਵਿਆਹ ਵਿਚ ਪਿਤਾ-ਧੀ ਦੀ ਜੋੜੀ ਨੇ ਇਸ ਨੂੰ ਖਾਸ ਬਣਾਉਣ ਦਾ ਫੈਸਲਾ ਕੀਤਾ। ਸਟੇਜ 'ਤੇ ਮੈਰੀ ਨੇ ਆਪਣੇ ਪਿਤਾ ਨੂੰ ਵ੍ਹੀਲਚੇਅਰ 'ਤੇ ਘੁਮਾਉਂਦੇ ਹੋਏ ਉਨ੍ਹਾਂ ਨਾਲ ਡਾਂਸ ਕੀਤਾ। ਮੈਰੀ ਨੇ ਦੱਸਿਆ ਕਿ ਅਸੀਂ ਗਾਣਾ ਗਾਉਣ ਅਤੇ ਡਾਂਸ ਕਰਨ ਦੀ ਯੋਜਨਾ ਬਣਾਈ ਸੀ।ਸਾਨੂੰ ਨਹੀਂ ਪਤਾ ਸੀ ਕਿ ਪਿਤਾ ਜੀ ਉਸ ਦਿਨ ਕਿਹੋ ਜਿਹਾ ਮਹਿਸੂਸ ਕਰਨਗੇ। ਸਾਨੂੰ ਸਿਰਫ ਇੰਨਾ ਪਤਾ ਸੀ ਕਿ ਅਸੀਂ ਕਿਸੇ ਤਰੀਕੇ ਨਾਲ ਵੀ ਇੰਝ ਕਰਾਂਗੇ। ਇਸ ਖਾਸ ਗੀਤ-'ਆਈ ਹੋਪ ਯੂ ਡਾਂਸ' ਦੇ ਬਾਅਦ ਅਸੀਂ ਹੋਰ ਕਰੀਬ ਆ ਗਏ। ਪਿਤਾ ਨੇ ਆਪਣੀ ਬੇਟੀ ਦਾ ਧੰਨਵਾਦ ਕਰਦਿਆਂ ਉਸ ਨੂੰ ਕਿਹਾ ਕਿ ਉਹ ਉਸ ਨਾਲ ਪਿਆਰ ਕਰਦੇ ਹਨ ਅਤੇ ਇਸ ਡਾਂਸ ਦਾ ਬਹੁਤ ਮਤਲਬ ਸੀ। 

ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਦੇਖ ਕਾਫੀ ਭਾਵੁਕ ਹੋ ਰਹੇ ਹਨ ਅਤੇ ਉਨ੍ਹਾਂ ਨੇ ਕਈ ਭਾਵਨਾਤਮਕ ਸੰਦੇਸ਼ ਵੀ ਦਿੱਤੇ। ਕਈ ਲੋਕਾਂ ਨੇ ਇਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਦਕਿ ਕੁਝ ਲੋਕਾਂ ਨੇ ਲਾੜੀ ਦੇ ਡਾਂਸ ਕਰਨ ਦੇ ਤਰੀਕੇ ਦੀ ਪ੍ਰਸ਼ੰਸਾ ਕੀਤੀ। ਇਕ ਯੂਜ਼ਰ ਨੇ ਲਿਖਿਆ,''ਮੈਰੀ, ਮੈਂ ਤੁਹਾਨੂੰ ਨਹੀਂ ਜਾਣਦਾ। ਪਰ ਤੁਸੀਂ ਇੰਨੀ ਛੋਟੀ ਉਮਰ ਦੇ ਹੁੰਦੇ ਹੋਏ ਵੀ ਕਿੰਨੇ ਸਮਝਦਾਰ ਹੋ। ਤੁਹਾਡੇ ਪਿਤਾ ਨੇ ਤੁਹਾਡੇ ਵਿਚ ਇਕ ਵਿਸ਼ੇਸ਼ ਸ਼ਖਸੀਅਤ ਬਣਾਈ ਹੈ। ਤੁਸੀਂ ਕਿੰਨੇ ਖੁਸ਼ਕਿਸਮਤ ਹੋ ਕਿ ਤੁਹਾਨੂੰ ਇੰਨੇ ਚੰਗੇ ਪਿਤਾ ਮਿਲੇ ਹਨ। ਉਹ ਤੁਹਾਡੇ ਨਾਲ ਪਿਆਰ ਕਰਦੇ ਹਨ। ਤੁਹਾਡੇ ਪਰਿਵਾਰ ਲਈ ਈਸ਼ਵਰ ਤੋਂ ਪ੍ਰਾਰਥਨਾ ਕਰਦਾ ਹਾਂ।''

Vandana

This news is Content Editor Vandana