ਬਿਡੇਨ ਨੇ ਅਮਰੀਕੀ ਕੋਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਲਈ ਜਾਰੀ ਕੀਤਾ ਸੋਗ ਸੰਦੇਸ਼ (ਵੀਡੀਓ)

05/28/2020 6:13:33 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੈਟਿਕ ਪਾਰਟੀ ਵੱਲੋਂ ਮਜ਼ਬੂਤ ਉਮੀਦਵਾਰ ਜੋ ਬਿਡੇਨ ਨੇ ਦੇਸ਼ ਵਿਚ ਕੋਰੋਨਾਵਾਇਰਸ ਕਾਰਨ ਮਾਰੇ ਗਏ 1 ਲੱਖ ਲੋਕਾਂ ਦੇ ਪਰਿਵਾਰਾਂ ਲਈ ਇਕ ਵੀਡੀਓ ਜਾਰੀ ਕਰ ਸੋਗ ਸੰਦੇਸ਼ ਦਿੱਤਾ। ਆਪਣੇ ਸੰਦੇਸ਼ ਵਿਚ ਬਿਡੇਨ ਨੇ ਕਿਹਾ,''ਤੁਸੀਂ ਸਾਰੇ ਜੋ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹੋ। ਤੁਹਾਡੇ ਨੁਕਸਾਨ ਲਈ ਮੈਨੂੰ ਬਹੁਤ ਅਫਸੋਸ ਹੈ।'' ਉਹਨਾਂ ਨੇ ਕਿਹਾ ਕਿ ਇਹ ਰਾਸ਼ਟਰ ਤੁਹਾਡੇ ਨਾਲ ਦੁਖੀ ਹੈ।

 

ਬੁੱਧਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਵੀਡੀਓ ਵਿਚ ਬਿਡੇਨ ਨੇ ਉਹਨਾਂ ਲੋਕਾਂ ਨੂੰ ਸਿੱਧੇ ਤੌਰ 'ਤੇ ਸੰਬੋਧਿਤ ਕੀਤਾ ਹੈ ਜਿਹਨਾਂ ਨੇ ਆਪਣੇ ਰਿਸ਼ਤੇਦਰਾਂ ਅਤੇ ਦੋਸਤਾਂ ਨੂੰ ਗਵਾ ਦਿੱਤਾ ਹੈ। ਉਸ ਨੇ ਆਪਣੀ ਜ਼ਿੰਦਗੀ ਵਿਚ ਜਿਹੜੇ ਨਿੱਜੀ ਦੁਖਾਂਤਾਂ ਦਾ ਸਾਹਮਣਾ ਕੀਤਾ ਸੀ, ਉਸ ਨੂੰ ਸਵੀਕਾਰ ਕਰਦਿਆਂ ਬਿਡੇਨ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਮੈਨੂੰ ਪਤਾ ਹੈ ਕਿ ਤੁਸੀਂ ਕੀ ਮਹਿਸੂਸ ਕਰ ਰਹੇ ਹੋ।'' ਬਿਡੇਨ ਜਿਸ ਨੇ 1972 ਵਿਚ ਵਾਪਰੇ ਇਕ ਕਾਰ ਹਾਦਸੇ ਵਿਚ ਆਪਣੀ ਪਹਿਲੀ ਪਤਨੀ ਅਤੇ ਜਵਾਨ ਬੇਟੀ ਨੂੰ ਗਵਾ ਦਿੱਤਾ ਅਤੇ ਇਕ ਜਵਾਨ ਬੇਟੇ ਨੂੰ 2015 ਵਿਚ ਕੈਂਸਰ ਕਾਰਨ ਗਵਾ ਦਿੱਤਾ ਸੀ, ਨੇ ਕਿਹਾ, ''ਤੁਹਾਨੂੰ ਇੰਝ ਲੱਗਦਾ ਹੈ ਜਿਵੇਂ ਤੁਸੀਂ ਆਪਣੀ ਛਾਤੀ ਵਿਚ ਇਕ ਬਲੈਕ ਹੋਲ ਵਿਚ ਧੱਸਦੇ ਜਾ ਰਹੇ ਹੋ। ਤੁਹਾਡਾ ਦਮ ਘੁੱਟ ਰਿਹਾ ਹੈ।'' 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਕੋਰੋਨਾ ਦੇ ਸੀ ਹਜ਼ਾਰਾਂ ਮਾਮਲੇ, ਹੁਣ ਇਨਫੈਕਸ਼ਨ ਦਰ ਹੋਈ ਜ਼ੀਰੋ

ਬਿਡੇਨ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਲਟ ਹਮਦਰਦੀ ਜ਼ਾਹਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਜਿਨ੍ਹਾਂ ਨੂੰ ਆਲੋਚਕ ਕਹਿੰਦੇ ਹਨ ਕਿ ਉਨ੍ਹਾਂ ਨੇ ਬਹੁਤ ਘੱਟ ਹਮਦਰਦੀ ਦਿਖਾਈ ਹੈ ਅਤੇ ਸਿਰਫ ਮਹਾਮਾਰੀ ਦੀ ਮੌਤ ਦੀ ਗਿਣਤੀ ਦੀ ਪ੍ਰਵਾਨਗੀ ਦਿੱਤੀ ਹੈ। ਇੱਥੇ ਦੱਸ ਦਈਏ ਕਿ ਵਰਲਡ ਓ ਮੀਟਰ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਅਮਰੀਕਾ ਵਿਚ ਹੁਣ ਤੱਕ 102,107 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1,745,803 ਪੀੜਤ ਹਨ। ਵਿਸ਼ਵ ਭਰ ਵਿਚ 57 ਲੱਖ 92 ਹਜ਼ਾਰ ਤੋਂ ਵਧੇਰੇ ਪੀੜਤ ਹਨ ਜਦਕਿ 3.57 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।

Vandana

This news is Content Editor Vandana