ਅਮਰੀਕਾ ’ਚ ਤੂਫ਼ਾਨ ‘ਕਲਾਊਡੇਟ’ ਨੇ ਦਿੱਤੀ ਦਸਤਕ, ਸੜਕਾਂ ’ਤੇ ਭਰਿਆ ਮੀਂਹ ਦਾ ਪਾਣੀ

06/19/2021 6:25:12 PM

ਨਿਊ ਓਰਲੀਨਜ਼ (ਭਾਸ਼ਾ) : ਅਮਰੀਕਾ ਦੇ ਖਾੜੀ ਤੱਟ ’ਤੇ ਸ਼ਨੀਵਾਰ ਸਵੇਰੇ ਆਏ ਤੂਫ਼ਾਨ ‘ਕਲਾਊਡੇਟ’ ਨਾਲ ਲੂਸੀਆਨਾ, ਮਿਸੀਸਿਪੀ ਅਤੇ ਅਲਬਾਮਾ ਸਮੇਤ ਤੱਟੀ ਸੂਬਿਆਂ ਵਿਚ ਤੇਜ਼ ਮੀਂਹ ਪਿਆ ਅਤੇ ਹੜ੍ਹ ਆਇਆ। ਮਿਆਮੀ ਵਿਚ ਰਾਸ਼ਟਰੀ ਤੂਫ਼ਾਨ ਕੇਂਦਰ ਨੇ ਕਿਹਾ ਕਿ ਨਿਊ ਓਰਲੀਨਜ਼ ਤੋਂ 75 ਕਿਲੋਮੀਟਰ ਦੱਖਣ-ਪੱਛਮ ਵਿਚ ਤੂਫ਼ਾਨ ਆਇਆ, ਜਿਸ ਨਾਲ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲੀ। ਤੇਜ਼ ਮੀਂਹ ਕਾਰਨ ਸੜਕਾਂ ’ਤੇ ਪਾਣੀ ਭਰ ਗਿਆ ਅਤੇ ਵਾਹਨਾਂ ਦੇ ਫਸੇ ਹੋਣ ਦੀਆਂ ਖ਼ਬਰਾਂ ਹਨ।

ਮਿਸੀਸਿਪੀ, ਅਲਬਾਮਾ, ਫਲੋਰਿਡਾ ਅਤੇ ਮੱਧ ਅਤੇ ਉਤਰੀ ਜੋਰਜੀਆ ਦੇ ਅੰਦਰੂਨੀ ਹਿੱਸਿਆਂ ਵਿਚ ਹੜ੍ਹ ਆ ਗਿਆ ਹੈ। ਕੋਰੋਨਾ ਵਾਇਰਸ ਪਾਬੰਦੀਆਂ ਵਿਚ ਢਿੱਲ ਦੇਣ ਅਤੇ ਗਰਮੀਆਂ ਨੇੜੇ ਹੋਣ ਕਾਰਨ ਖਾੜੀ ਤੱਟ ’ਤੇ ਕਾਰੋਬਾਰੀਆਂ ਨੂੰ ਵੱਡੀ ਸੰਖਿਆ ਵਿਚ ਸੈਲਾਨੀਆਂ ਦੇ ਆਉਣ ਦੀ ਉਮੀਦ ਸੀ ਪਰ ਤੂਫ਼ਾਨ ਨਾਲ ਅਜਿਹੀਆਂ ਸੰਭਾਵਨਾਵਾਂ ਵੀ ਕਮਜ਼ੋਰ ਹੋ ਗਈਆਂ ਹਨ। ਰਾਸ਼ਟਰੀ ਤੂਫ਼ਾਨ ਕੇਂਦਰ ਦੇ ਅਨੁਮਾਨ ਮੁਤਾਬਕ ਮੈਕਸੀਕੋ ਦੀ ਖਾੜੀ ਦੇ ਉਤਰ ਵੱਲ ਵੱਧ ਰਹੇ ਤੂਫ਼ਾਨ ਦੇ ਸ਼ਨੀਵਾਰ ਤੱਕ ਅੰਦਰੂਨੀ ਇਲਾਕਿਆਂ ਤੱਕ ਪਹੁੰਚਣ ਦੀ ਉਮੀਦ ਹੈ। ਤੂਫ਼ਾਨ ਕਾਰਨ ਖਾੜੀ ਤੱਟ ਹਿੱਸਿਆਂ ਵਿਚ 25 ਸੈਂਟੀਮੀਟਰ ਤੱਕ ਅਤੇ ਕੁੱਝ ਇਲਾਕਿਆਂ ਵਿਚ 38 ਸੈਂਟੀਮੀਟਰ ਤੱਕ ਮੀਂਹ ਲੈਣ ਦੀ ਸੰਭਾਵਨਾ ਹੈ।
 

cherry

This news is Content Editor cherry