ਕੋਰੋਨਾ ਵੈਕਸੀਨ ਦੇ ਨਿਕਲੇ ਸਾਈਡ ਇਫੈਕਟ ਤਾਂ ਲਵਾਂਗਾ ਜ਼ਿੰਮੇਵਾਰੀ : ਫੌਸੀ

09/19/2020 12:20:58 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਇਨੀਂ ਦਿਨੀਂ ਕੋਰੋਨਾਵਾਇਰਸ ਵੈਕਸੀਨ 'ਤੇ ਕਾਫੀ ਹਲਚਲ ਮਚੀ ਹੋਈ ਹੈ। ਡੋਨਾਲਡ ਟਰੰਪ ਦਾ ਦਾਅਵਾ ਹੈ ਕਿ ਨਵੰਬਰ ਵਿਚ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅਮਰੀਕੀਆਂ ਨੂੰ ਕੋਵਿਡ-19 ਦੀ ਵੈਕਸੀਨ ਉਪਲਬਧ ਹੋ ਜਾਵੇਗੀ। ਭਾਵੇਂਕਿ ਟਰੰਪ ਦੇ ਇਸ ਦਾਅਵੇ ਨੂੰ ਲੈ ਕੇ ਦੁਨੀਆ ਭਰ ਵਿਚ ਮਾਹਰ ਸੰਤੁਸ਼ਟ ਨਹੀਂ ਹਨ। ਉਹਨਾਂ ਦਾ ਕਹਿਣਾ ਹੈ ਕਿ ਵੈਕਸੀਨ ਵਿਚ ਜਲਦਬਾਜ਼ੀ ਅਤੇ ਕਲੀਨਿਕਲ ਟ੍ਰਾਇਲ ਦੀ ਪ੍ਰਕਿਰਿਆ ਨਾਲ ਛੇੜਛਾੜ ਵੈਕਸੀਨ ਦੇ ਵੱਡੇ ਸਾਈਡ ਇਫੈਕਟ ਦਾ ਕਾਰਨ ਬਣ ਸਕਦੀ ਹੈ।

ਇਕ ਟੈਲੀਵਿਜਨ ਇੰਟਰਵਿਊ ਵਿਚ ਅਮਰੀਕਾ ਦੇ ਇੰਫੈਕਸ਼ੀਅਸ ਡਿਜੀਜ਼ ਮਾਹਰ ਡਾਕਟਰ ਐਨਥਨੀ ਫੌਸੀ ਤੋਂ ਜਦੋਂ ਪੁੱਛਿਆ ਗਿਆ ਕਿ ਕੋਵਿਡ-19 ਵੈਕਸੀਨ ਦੀ ਪ੍ਰਕਿਰਿਆ ਨਾਲ ਛੇੜਛਾੜ ਕਰਨ ਜਾਂ ਟੈਸਟਿੰਗ ਦੇ ਫੇਜ਼ ਨੂੰ ਛੋਟਾ ਕਰਨ ਨਾਲ ਨਾਗਰਿਕਾਂ ਦੀ ਸਿਹਤ ਨੂੰ ਖਤਰਾ ਹੋਇਆ ਤਾਂ ਕੀ ਉਹ ਜ਼ਿੰਮੇਵਾਰੀ ਲੈਣਗੇ। ਇਸ 'ਤੇ ਫੌਸੀ ਨੇ ਸਪੱਸ਼ਟ ਜਵਾਬ ਦਿੰਦੇ ਹੋਏ ਕਿਹਾ,''ਹਾਂ, ਮੈਂ ਇਸ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਾਂ।'' ਵੈਕਸੀਨ 'ਤੇ ਫੌਸੀ ਦੇ ਬਿਆਨ ਅਜਿਹੇ ਸਮੇਂ ਵਿਚ ਸਾਹਮਣੇ ਆ ਰਿਹਾ ਹੈ ਜਦੋਂ ਨਵੰਬਰ ਵਿਚ ਰਾਸ਼ਟਪਤੀ ਚੋਣਾਂ ਹੋਣ ਤੋਂ ਠੀਕ ਪਹਿਲਾਂ ਟਰੰਪ ਪਬਲਿਕ ਹੈਲਥ ਡਿਪਾਰਟਮੈਂਟ 'ਤੇ ਵੈਕਸੀਨ ਸਬੰਧੀ ਲਗਾਤਾਰ ਦਬਾਅ ਬਣਾ ਰਹੇ ਹਨ। 

 

ਵੀਰਵਾਰ ਨੂੰ MSNBC ਨਾਮ ਦੇ ਇਕ ਸਥਾਨਕ ਚੈਨਲ ਦੇ ਪੱਤਰਕਾਰ ਕ੍ਰਿਸ ਹਾਯੇਸ ਨੂੰ ਦਿੱਤੇ ਇੰਟਰਵਿਊ ਵਿਚ ਫੌਸੀ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਸਾਲ 2020 ਖਤਮ ਹੋਣ ਤੋਂ ਪਹਿਲਾਂ ਦੇਸ਼ ਨੂੰ ਇਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਵੈਕਸੀਨ ਮਿਲ ਜਾਵੇਗੀ। ਡਾਕਟਰ ਫੌਸੀ ਨੇ ਕਿਹਾ,''ਕੁਝ ਲੋਕ ਕਹਿ ਰਹੇ ਹਨ ਕਿ ਵੈਕਸੀਨ ਅਕਤੂਬਰ ਤੱਕ ਆ ਜਾਵੇਗੀ। ਮੈਨੂੰ ਅਕਤੂਬਰ ਤੱਕ ਇਹ ਕੰਮ ਅਸੰਭਵ ਲੱਗਦਾ ਹੈ। ਮੈਨੂੰ ਲੱਗਦਾ ਹੈਕਿ ਨਵੰਬਰ-ਦਸੰਬਰ ਤੱਕ ਵੈਕਸੀਨ ਮਿਲ ਜਾਵੇਗੀ। ਫਿਰ ਵੀ ਸਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਇਸ ਸਾਲ ਦੇ ਅਖੀਰ ਤੱਕ ਅਸੀਂ ਇਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਵੈਕਸੀਨ ਹਾਸਲ ਕਰਨ ਵਿਚ ਸਫਲ ਹੋ ਜਾਵਾਂਗੇ।'' 

ਫੌਸੀ ਨੇ ਇਹ ਵੀ ਕਿਹਾ ਕਿ ਵੈਕਸੀਨ ਬਣਨ ਦੇ ਬਾਅਦ ਸਾਰੇ ਲੋਕਾਂ ਤੱਕ ਇਸ ਨੂੰ ਪਹੁੰਚਣ ਵਿਚ ਥੋੜ੍ਹਾ ਸਮਾਂ ਹੋਰ ਲੱਗ ਸਕਦਾ ਹੈ। ਸ਼ੁਰੂਆਤ ਵਿਚ ਇਸ ਦੇ ਕੁਝ ਡੋਜ਼ ਤਿਆਰ ਕੀਤੇ ਜਾਣਗੇ। ਇਸ ਦੇ ਬਾਅਦ 2021 ਤੱਕ ਸਾਰੇ ਲੋਕਾਂ ਨੂੰ ਵੈਕਸੀਨ ਮਿਲ ਜਾਵੇਗੀ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਾਲ ਆਉਣ ਵਾਲੀ ਕੋਈ ਵੀ ਵੈਕਸੀਨ ਨਿਸ਼ਚਿਤ ਤੌਰ 'ਤੇ ਸੁਰੱਖਿਅਤ ਹੋਵੇਗੀ। ਭਾਵੇਂਕਿ ਫੌਸੀ ਅਤੇ ਟਰੰਪ ਦੇ ਅਜਿਹੇ ਦਾਅਵਿਆਂ 'ਤੇ ਸਾਰੇ ਮਾਹਰਾਂ ਨੂੰ ਭਰੋਸਾ ਨਹੀਂ ਹੈ। ਵ੍ਹਾਈਟ ਹਾਊਸ ਦੀ ਕੋਰੋਨਾਵਾਇਰਸ ਟਾਸਕ ਫੋਰਸ ਦੀ ਇਕ ਸਾਬਕਾ ਅਧਿਕਾਰੀ ਓਲੀਵੀਆ ਟ੍ਰੌਏ ਨੇ ਇਸ ਹਫਤੇ 'ਦੀ ਵਾਸਿੰਗਟਨ ਪੋਸਟ' ਦੇ ਹਵਾਲੇ ਨਾਲ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਚੋਣਾਂ ਤੋਂ ਪਹਿਲਾਂ ਕੋਈ ਵੈਕਸੀਨ ਆਉਣ ਵਾਲੀ ਹੈ। ਉਹਨਾਂ ਨੇ ਕਿਹਾ,''ਮੈਂ ਕਿਸੇ ਨੂੰ ਨਹੀਂ ਕਹਾਂਗੀ ਕਿ ਮੈਨੂੰ ਚੋਣਾਂ ਤੋਂ ਪਹਿਲਾਂ ਆਉਣ ਵਾਲੀ ਕਿਸੇ ਵੀ ਵੈਕਸੀਨ ਦੀ ਪਰਵਾਹ ਹੈ। ਮੈਂ ਸਿਰਫ ਫਾਰਮਾ ਵਿਚ ਮਾਹਰ, ਯੂਨਿਟੀ ਨੂੰ ਸੁਣਾਂਗੀ ਅਤੇ ਇਹ ਤੈਅ ਕਰਾਂਗੀ ਕਿ ਵੈਕਸੀਨ ਸੁਰੱਖਿਅਤ ਹੈ ਜਾਂ ਨਹੀਂ ਜਾਂ ਇਸ ਦਾ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।'' 

ਟਰੰਪ ਨੇ ਫੌਕਸ ਨਿਊਜ਼ ਨੂੰ ਇਸ ਹਫਤੇ ਦਿੱਤੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ 3 ਨਵੰਬਰ ਤੱਕ ਲੋਕਾਂ ਨੂੰ ਵੈਕਸੀਨ ਮਿਲ ਜਾਵੇਗੀ। ਇੱਥੇ ਦੱਸ ਦਈਏ ਕਿ ਉਹਨਾਂ ਨੇ ਆਪਣੇ ਹੀ ਪ੍ਰਸ਼ਾਸਨ ਦੇ ਟੌਪ ਪਬਲਿਕ ਹੈਲਥ ਦਫਤਰ ਦੇ ਉਲਟ ਬਿਆਨਾਂ ਦੇ ਬਾਵਜੂਦ ਫਾਸਟ ਟ੍ਰੈਕ ਵੈਕਸੀਨ ਦੇ ਸੰਕੇਤ ਦਿੱਤੇ ਹਨ। 'ਸੈਂਟਰਲ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ' ਦੇ ਡਾਇਰੈਕਟਰ ਰੌਬਰਟ ਰੇਡਫੀਲਡ ਨੇ ਵੀ ਕਿਹਾ ਸੀ ਕਿ 2021 ਤੋਂ ਪਹਿਲਾਂ ਅਮਰੀਕਾ ਵਿਚ ਸਾਰਿਆਂ ਨੂੰ ਇਕ ਸਧਾਰਨ ਜੀਵਨ ਵਿਚ ਵਾਪਸ ਭੇਜਣ ਦੇ ਲਈ ਵੈਕਸੀਨ ਕਾਫੀ ਨਹੀਂ ਹੋਵੇਗੀ।

Vandana

This news is Content Editor Vandana