ਸੀਰੀਆ ''ਚ ਸਿਰਫ 200 ਫੌਜੀ ਰੱਖੇਗਾ ਅਮਰੀਕਾ

02/22/2019 10:41:38 PM

ਵਾਸ਼ਿੰਗਟਨ — ਅਮਰੀਕਾ ਸ਼ਾਂਤੀ ਸਥਾਪਨਾ ਲਈ ਆਪਣੇ 200 ਫੌਜੀਆਂ ਨੂੰ ਸੀਰੀਆ 'ਚ ਹੀ ਰਹਿਣ ਦੇਵੇਗਾ। ਵ੍ਹਾਈਟ ਹਾਊਸ ਨੇ ਇਹ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ 'ਚੋਂ ਸਾਰੇ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਆਦੇਸ਼ ਦਿੱਤਾ ਸੀ। ਰਾਸ਼ਟਰਪਤੀ ਟਰੰਪ ਅਤੇ ਤੁਰਕੀ ਦੇ ਰਾਸ਼ਟਰਪਤੀ ਰਜ਼ਬ ਤਇਬ ਐਦਰੋਗਨ ਵਿਚਾਲੇ ਫੋਨ 'ਤੇ ਹੋਈ ਗੱਲਬਾਤ ਤੋਂ ਬਾਅਦ ਵ੍ਹਾਈਟ ਹਾਊਸ ਨੇ ਇਹ ਐਲਾਨ ਕੀਤਾ। ਵ੍ਹਾਈਟ ਹਾਊਸ ਦੀ ਪ੍ਰੈੱਸ ਬੁਲਾਰੀ ਸਾਰਾ ਸੈਂਡ੍ਰਸ ਨੇ ਦੋਹਾਂ ਨੇਤਾਵਾਂ ਵਿਚਾਲੇ ਗੱਲਬਾਤ ਤੋਂ ਬਾਅਦ ਇਕ ਬਿਆਨ 'ਚ ਆਖਿਆ ਕਿ ਕਰੀਬ 200 ਫੌਜੀਆਂ ਦਾ ਇਕ ਛੋਟਾ ਸਮੂਹ ਸ਼ਾਂਤੀ ਸਥਾਪਨਾ ਲਈ ਇਕ ਸਮੇਂ ਸੀਮਾ ਤੱਕ ਸੀਰੀਆ 'ਚ ਹੀ ਰਹੇਗਾ।
ਇਸ ਤੋਂ ਪਹਿਲਾਂ ਦਸੰਬਰ 'ਚ ਰਾਸ਼ਟਰਪਤੀ ਟਰੰਪ ਨੇ ਇਰਾਕ ਅਤੇ ਸੀਰੀਆ 'ਚ ਇਸਲਾਮਕ ਸਟੇਟ ਖਿਲਾਫ ਜਿੱਤ ਦਾ ਐਲਾਨ ਕਰਦੇ ਹੋਏ ਸੀਰੀਆ 'ਚੋਂ ਤੁਰੰਤ ਆਪਣੇ 2000 ਤੋਂ ਜ਼ਿਆਦਾ ਫੌਜੀ ਵਾਪਸ ਬੁਲਾਉਣ ਦਾ ਐਲਾਨ ਕੀਤਾ ਸੀ। ਰਾਸ਼ਟਰਪਤੀ ਟਰੰਪ ਨੇ ਆਪਣੇ ਸਟਾਫ ਨੂੰ ਸੀਰੀਆ 'ਚੋਂ ਅਮਰੀਕੀ ਫੌਜੀਆਂ ਦੀ ਵਾਪਸੀ ਦੀ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਪੂਰਾ ਕਰਨ ਦਾ ਆਦੇਸ਼ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਅਮਰੀਕਾ ਨੇ ਇਸਲਾਮਕ ਸਟੇਟ ਨੂੰ ਹਰਾ ਦਿੱਤਾ ਹੈ। ਟਰੰਪ ਪ੍ਰਸ਼ਾਸਨ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਸਮੇਂ 'ਚ ਬਦਲਾਅ ਕਰਦਾ ਰਿਹਾ ਹੈ। ਉਸ ਦਾ ਆਖਣਾ ਹੈ ਕਿ ਅਪ੍ਰੈਲ ਦੇ ਆਖਿਰ ਤੱਕ ਜ਼ਿਆਦਾਤਰ ਫੌਜੀ ਵਾਪਸ ਆ ਜਾਣਗੇ।