ਪਾਕਿਸਤਾਨ ਖਿਲਾਫ ਵਿਸ਼ੇਸ਼ ਕਦਮਾਂ ਦਾ ਐਲਾਨ ਕਰੇਗਾ ਅਮਰੀਕਾ

01/04/2018 3:05:27 PM

ਵਾਸ਼ਿੰਗਟਨ  (ਭਾਸ਼ਾ)- ਅਮਰੀਕਾ ਨੇ ਕਿਹਾ ਹੈ ਕਿ ਉਹ ਇਸ ਹਫਤੇ ਪਾਕਿਸਤਾਨ ਖਿਲਾਫ ਕੁਝ ਖਾਸ ਕਦਮਾਂ ਦਾ ਐਲਨ ਕਰੇਗਾ ਤਾਂ ਜੋ ਉਸ ’ਤੇ ਅੱਤਵਾਦੀਆਂ ਖਿਲਾਫ ਕਾਰਵਾਈ ਕਰਨ ਦਾ ਦਬਾਅ ਬਣਾਇਆ ਜਾ ਸਕੇ। ਇਹ ਦਰਸਾਉਂਦਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮੁੱਦੇ ’ਤੇ ਪਾਕਿਸਤਾਨ ਖਿਲਾਫ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ। ਟਰੰਪ ਨੇ ਪਾਕਿਸਤਾਨ ’ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਪਿਛਲੇ 15 ਸਾਲਾਂ ਵਿਚ 33 ਅਰਬ ਡਾਲਰ ਦੀ ਸਹਾਇਤਾ ਰਾਸ਼ੀ ਦੇ ਬਦਲੇ ਝੂਠ ਅਤੇ ਧੋਖਾ ਦੇਣ ਅਤੇ ਅੱਤਵਾਦੀਆਂ ਨੂੰ ਪਨਾਹਗਾਹ ਮੁਹੱਈਆ ਕਰਵਾਉਣ ਦੇ ਸਿਵਾਏ ਕੁਝ ਨਹੀਂ ਦਿੱਤਾ।

ਇਸ ਤੋਂ ਬਾਅਦ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਦੀਆਂ ਟਿੱਪਣੀਆਂ ਆਈਆਂ ਹਨ। ਸੈਂਡਰਸ ਨੇ ਕਿਹਾ ਕਿ ਉਹ ਅੱਤਵਾਦ ਨੂੰ ਰੋਕਣ ਲਈ ਕਾਰਵਾਈ ਕਰ ਸਕਦੇ ਹਨ ਅਤੇ ਅਸੀਂ ਚਾਹੁੰਦੇ ਹਾਂ ਕਿ ਉਹ ਅਜਿਹਾ ਕਰਨ। ਵ੍ਹਾਈਟ ਹਾਊਸ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਪਾਕਿਸਤਾਨ ’ਤੇ ਦਬਾਅ ਵਧਾਉਣ ਲਈ ਅਤੇ ਕਦਮਾਂ ਦਾ ਐਲਾਨ ਕਰ ਸਕਦਾ ਹੈ। ਸੈਂਡਰਸ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਮੰਗਲਵਾਰ ਨੂੰ ਕਿਹਾ ਕਿ ਖਾਸ ਕਦਮਾਂ ਦੇ ਸਬੰਧ ਵਿਚ ਮੈਨੂੰ ਲਗਦਾ ਹੈ ਕਿ ਤੁਸੀਂ ਅਗਲੇ 24 ਤੋਂ 48 ਘੰਟੇ ਵਿਚ ਕੁਝ ਹੋਰ ਜਾਣਕਾਰੀਆਂ ਦੇਖੋਗੇ।

ਫਾਕਸ ਨਿਊਜ਼ ਦੀ ਖਬਰ ਮੁਤਾਬਕ ਇਸ ਸਬੰਧ ਵਿਚ ਵੀਰਵਾਰ ਨੂੰ ਐਲਾਨ ਹੋਣ ਦੀ ਉਮੀਦ ਹੈ। ਫਿਲਹਾਲ ਵ੍ਹਾਈਟ ਹਾਊਸ ਨੇ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਕਿ ਐਲਾਨ ਕਦੋਂ ਹੋਵੇਗਾ ਜਾਂ ਕਿਸ ਤਰ੍ਹਾਂ ਦਾ ਐਲਾਨ ਹੋਵੇਗਾ। ਟਰੰਪ ਨੇ ਸੋਮਵਾਰ ਨੂੰ ਸਾਲ ਦਾ ਪਹਿਲਾ ਟਵੀਟ ਕਰ ਕੇ ਕਿਹਾ ਸੀ ਕਿ ਅਮਰੀਕਾ ਨੇ ਮੂਰਖ ਬਣਾ ਕੇ ਪਿਛਲੇ 15 ਸਾਲਾਂ ਵਿਚ ਪਾਕਿਸਤਾਨ ਨੂੰ 33 ਅਰਬ ਡਾਲਰ ਤੋਂ ਜ਼ਿਆਦਾ ਦੀ ਸਹਾਇਤਾ ਰਾਸ਼ੀ ਦਿੱਤੀ।